ਏਹੁ ਸਲੋਕ ਆਦਿ ਅੰਤਿ ਪੜਣਾ ॥

Updated: Jan 16


ਇਹ ਸੰਪਾਦਕੀ ਸੂਚਨਾ ਵਾਰਤਿਕ ਰੂਪ ਵਿੱਚ ਹੈ। ਜੋ ਗੁਰੂ ਅਰਜਨ ਦੇਵ ਜੀ ਦੀ ਬਾਣੀ ਬਾਵਨ ਅਖਰੀ ਦੇ ਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਉੱਤੇ ਸੁਖਮਨੀ ਸਾਹਿਬ ਤੋਂ ਪਹਿਲਾਂ ਦਿੱਤੀ ਗਈ ਹੈ। ਸਲੋਕ ਦੇ ਅੰਤ ਵਿੱਚ ਅੰਕ 1 ਲਿਖਿਆ ਹੈ। ਜਿਸ ਦੇ ਅਰਥ ਹਨ ਕਿ ਇਹ ਉਹ ਹੀ ਸਲੋਕ ਹੈ। ਜੋ ਇਸ ਬਾਣੀ ਦਾ ਪਹਿਲਾ ਸਲੋਕ ਹੈ। ਇਸ ਕਰਕੇ ਹੀ ਇਸ ਸਲੋਕ ਦੇ ਅੰਤ ਵਿੱਚ ਗੁਰੂ ਜੀ ਨੇ ਹੁਕਮ ਕੀਤਾ ਹੈ। ਕਿ ਇਹ ਸਲੋਕ ਸ਼ੁਰੂ ਅਤੇ ਅੰਤ ਦੋਹਾਂ ਥਾਂਵਾਂ ਉੱਤੇ ਪੜ੍ਹਨਾ ਹੈ। ਗੁਰੂ ਜੀ ਵੱਲੋਂ ਇਹ ਲਿਖਣ ਦਾ ਕਾਰਨ ਇਹ ਜਾਪਦਾ ਹੈ, ਕਿ ਕਿਤੇ ਸਿੱਖ ਇਸ ਸਲੋਕ ਨੂੰ ਇਕ ਥਾਂ ਪੜ੍ਹ ਕੇ ਦੂਜੀ ਥਾਂ ਨਾ ਪੜ੍ਹਨ ਦੀ ਗਲਤੀ ਨਾ ਕਰ ਲੈਣ। ਕਿਉਂਕਿ ਆਮ ਬੰਦਾ ਇਹ ਸੋਚ ਸਕਦਾ ਹੈ। ਕਿ ਇਹ ਮੁੱਢ ਵਿੱਚ ਆ ਗਿਆ ਹੈ। ਇਸ ਤੋਂ ਇਲਾਵਾ ਕੋਈ ਸੱਜਣ ਸਲੋਕ ਨੂੰ ਬਾਣੀ ਵਿੱਚੋਂ ਕੱਢਣ ਦਾ ਮਹਾਂਪਾਪ ਵੀ ਕਰ ਸਕਦਾ ਹੈ। ਕਿਉਂਕਿ ਅਜਿਹਾ ਸੱਜਣ ਦਲੀਲ ਦੇ ਸਕਦਾ ਹੈ ਕਿ ਇਹ ਬਾਣੀ ਦੇ ਇਕ ਨੰਬਰ ਉੱਤੇ ਦਰਜ ਹੈ। ਅੰਤ ਵਿੱਚ ਵੀ ਨੰਬਰ ਇਕ ਹੀ ਦਿੱਤਾ ਹੈ। ਇਸ ਤਰ੍ਹਾਂ ਇਸ ਨੂੰ ਕੱਢਣ ਨਾਲ ਬਾਣੀ ਦਾ ਸਰੂਪ ਨਾ ਛੋਟਾ ਹੁੰਦਾ ਹੈ। ਨਾ ਹੀ ਰੱਖਣ ਨਾਲ ਵੱਡਾ ਹੁੰਦਾ ਹੈ। ਦੂਜਾ ਕੱਢਣ ਨਾਲ ਨਾ ਹੀ ਬਾਣੀ ਦੇ ਕਿਸੇ ਸਿਧਾਂਤ ਵਿੱਚ ਘਾਟ ਆਉਂਦੀ ਹੈ। ਨਾ ਹੀ ਕੋਈ ਵਾਧਾ ਹੁੰਦਾ ਹੈ। ਸਿੱਖਾਂ ਨੂੰ ਅਜਿਹੇ ਬਜ਼ਰ ਪਾਪ ਤੋਂ ਬਚਾਉਣ ਲਈ ਸਤਿਗੁਰਾਂ ਨੇ ਲਿਖਤੀ ਹਦਾਇਤ ਹੀ ਕਰ ਦਿੱਤੀ ਹੈ ਕਿ ਇਸ ਸਲੋਕ ਨੂੰ ਆਦਿ ਅੰਤ ਦੋਹਾਂ ਥਾਂਵਾਂ ਉੱਤੇ ਪੜ੍ਹਨਾ ਹੈ। ਸਲੋਕ ਦਾ ਪਾਠ ਹੈ।


ਸਲੋਕੁ ॥
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਾਰ ॥
ਏਹੁ ਸਲੋਕੁ ਆਦਿ ਅੰਤਿ ਪੜਣਾ ॥ ਅੰਗ ੨੬੨
22 views0 comments