ਗੁਰਦੁਆਰਾ ਸਾਹਿਬ ਪਾਤਿਸ਼ਾਹੀ ੯ ਵੀਂ ਪਿੰਡ ਰਾਇਲੋਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ

Updated: Jan 18


ਗੁਰਦੁਆਰਾ ਸਾਹਿਬ ਪਾਤਿਸ਼ਾਹੀ ੯ ਵੀਂ ਪਿੰਡ ਰਾਇਲੋਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ

ਗੁਰਦੁਆਰਾ ਸਾਹਿਬ ਪਾਤਿਸ਼ਾਹੀ ੯ ਵੀਂ ਪਿੰਡ ਰਾਇਲੋਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਥਿਤ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਮਤ 1727 ( 1670 ਈ. ) ਵਿੱਚ ਅਸਾਮ ਪ੍ਰਚਾਰ ਕਰਨ ਲਈ ਗਏ ਸਨ। ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਰਾਇਲੋਂ ਦੇ ਲਾਗਲੇ ਪਿੰਡ ਨੰਦਪੁਰ ਵਿੱਚ ਠਹਿਰੇ ਸਨ। ਪਿੰਡ ਰਾਇਲੋਂ ਵਿੱਚ ਪਾਂਵ ( ਖਾਰਸ ) ਦੀ ਬੀਮਾਰੀ ਫੈਲੀ ਹੋਈ ਸੀ। ਜਦੋਂ ਇੱਥੋਂ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਿੱਖ ਮੱਤ ਦੇ ਨੌਵੇਂ ਗੁਰੂ ਇਸ ਇਲਾਕੇ ਚ ਪ੍ਰਚਾਰ ਲਈ ਆਏ ਹੋਏ ਹਨ ਤਾਂ ਲੋਕਾਂ ਤੋਂ ਚਾਅ ਨ ਚੁਕਿਆ ਜਾਵੇ। ਕਿਉਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਉਹ ਗੁਰੂ ਹਨ ਜਿਨ੍ਹਾਂ ਨੇ ਇਸ ਧਰਤੀ ਨੂੰ ਭਾਗ ਲਾਏ ਹਨ। ਇਸ ਪਿੰਡ ਦੀ ਸੰਗਤ ਨੰਦਪੁਰ ਪਿੰਡ ਵਿੱਖੇ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਕੇ ਆਦਰ ਭਾਵਨਾ ਸਹਿਤ ਆਪਣੇ ਪਿੰਡ ਰਾਇਲੋਂ ਵਿੱਚ ਲਿਆਈ। ਪਿੰਡ ਦੇ ਬਾਹਰਵਾਰ ਪੂਰਬ ਵੱਲ ਇਕ ਬੋਹੜ ਦੇ ਦਰੱਖਤ ਥੱਲੇ ਗੁਰੂ ਜੀ ਨੇ ਆਪਣਾ ਉਤਾਰਾ ਕੀਤਾ, ਇੱਥੇ ਨੇੜੇ ਹੀ ਇਕ ਬਾਉੜੀ ( ਪੁਰਾਣੀ ਛੱਪੜੀ ਜਿਸ ਦਾ ਪਾਣੀ ਸਾਫ਼ ਸੀ ) ਵਿੱਚ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਧੋਏ। ਸੰਗਤ ਨੇ ਬੇਨਤੀ ਕੀਤੀ, ਗੁਰੂ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਪਾਂਵ ( ਖਾਰਸ ) ਦਾ ਭੈੜਾ ਰੋਗ ਫੈਲਿਆ ਹੋਇਆ ਹੈ, ਜਨਮ ਲੈਂਦੇ ਬੱਚੇ ਨੂੰ ਵੀ ਇਹ ਰੋਗ ਹੋ ਜਾਂਦਾ ਹੈ “ਆਪ ਜੀ ਕ੍ਰਿਪਾ ਕਰੋ” ਗੁਰੂ ਜੀ ਨੇ ਸਹਿਜ ਭਾਵ ਨਾਲ ਬਚਨ ਕੀਤਾ ਕਿ ਜੋ ਵੀ ਇਸ ਬਾਉੜੀ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਇਹ ਰੋਗ ਨਹੀਂ ਹੋਵੇਗਾ। ਇੱਥੋਂ ਦੇ ਹੀ ਇਕ ਸਿਦਕੀ ਸਿੱਖ ਭਾਈ ਭਗਤੂ ਜੀ ਨੇ ਬਾਉੜੀ ਦੇ ਚਾਰੋਂ ਪਾਸੇ ਸਥਿਤ ਆਪਣੀ ਦੋ ਵਿੱਘੇ ਨੌਂ ਵਿਸਵੇ ਥਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਵਾਈ। ਗੁਰੂ ਜੀ ਨੇ ਹੁਕਮ ਕੀਤਾ ਕਿ ਇੱਥੇ ਇਕ ਥੜਾ ਬਣਾਵੋ। ਸੰਗਤ ਨੇ ਉੱਥੇ ਥੜਾ ਬਣਾ ਦਿੱਤਾ। ਗੁਰੂ ਜੀ ਨੇ ਵਰਦਾਨ ਦਿੱਤਾ ਕਿ ਇਹ ਪਿੰਡ ਗੁਰੂ ਦਾ ਹੋਇਆ ਇੱਥੇ ਗੁਰੂ ਕਾ ਲੰਗਰ ਚਲਾਵੋ ਸਾਧ ਸੰਗਤ ਦੀ ਸੇਵਾ ਕਰੋ, ਨਾਮ ਜਪੋ, ਗੁਰ ਸਿੱਖਾਂ ਦੀ ਸੇਵਾ ਕਰੋ ਅਤੇ ਸੁਖ ਪਾਵੋ। ਪਿੰਡ ਦੀ ਇਕ ਔਰਤ ਮਾਈ ਆਸੋ ਦੇ ਘਰ ਔਲਾਦ ਨਹੀਂ ਸੀ। ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਗੁਰੂ ਜੀ ਦੀ ਯਾਦ ਵਿੱਚ ਅਸਥਾਨ ਬਣਾਵਾਂਗੀ। ਗੁਰੂ ਜੀ ਨੇ ਵਰ ਦਿੱਤਾ ਕਿ ਤੇਰੇ ਘਰ ਪੁੱਤਰ ਹੋਵੇਗਾ ਅਤੇ ਗੁਰੂ ਦਾ ਅਸਥਾਨ ਸਾਰੀ ਸੰਗਤ ਰਲ ਕੇ ਬਣਾਏਗੀ। ਗੁਰੂ ਜੀ ਇਸ ਪਿੰਡ ਵਿੱਚ ਦੋ ਦਿਨ ਰਹੇ। ਸੰਨ 1933 ਵਿੱਚ ਇਸ ਅਸਥਾਨ ਦੀ ਸੇਵਾ ਸੰਤ ਅਰਜਨ ਸਿੰਘ ਪੰਜੋਖਰਾ ਸਾਹਿਬ ਨੇ ਕਰਵਾਈ ਸੀ। ਹੁਣ ਇਸ ਅਸਥਾਨ ਤੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਕਰਵਾਈ ਗਈ ਹੈ ਅਤੇ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਵੱਲੋਂ ਭੇਜੇ ਗੁਰ ਸਿੱਖ ਪਿਆਰੇ ਬਾਬਾ ਤੇਜਾ ਸਿੰਘ ਜੀ 60-65 ਸਾਲਾਂ ਤੋਂ ਸੇਵਾ ਨਿਭਾਅ ਰਹੇ ਸਨ।


48 views0 comments