ਅਲਾਹਣੀਆ ਸਿਰਲੇਖ ਅਧਿਐਨ

Updated: Oct 16, 2021(ਲੇਖਕ : ਗਿ. ਸਵਰਨ ਸਿੰਘ ਢੰਗਰਾਲੀ )

ਉਹ ਗੀਤ ਜਿਸ ਵਿੱਚ ਮ੍ਰਿਤਕ ਵਿਅਕਤੀ ਦੇ ਗੁਣ ਕਰਮਾਂ ਨੂੰ ਅਲਾਹਿਆ ( ਸਲਾਹਿਆ ) ਜਾਂਦਾ ਹੈ। ਉਨ੍ਹਾਂ ਗੀਤਾਂ ਦਾ ਨਾਂ ਅਲਾਹਣੀਆਂ ਹੈ। ਇਹ ਗੀਤ ਕਿਸੇ ਦੇ ਮਰਨ ਤੇ ਗਾਏ ਜਾਂਦੇ ਰਹੇ ਹਨ। ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਭਾਈਚਾਰੇ ਦੀਆਂ ਔਰਤਾਂ ਮਿਲ ਕੇ ਰੋਂਦੀਆਂ ਹਨ। ਮਿਰਾਸਣ ਉਸ ਮਰੇ ਪ੍ਰਾਣੀ ਦੀ ਸਿਫ਼ਤਿ ਵਿੱਚ ਕਵਿਤਾ ਜਿਹੀ ਕੋਈ ਤੁਕ ਸੁਰ ਵਿੱਚ ਪੜ੍ਹਦੀ ਹੈ।ਉਸ ਦੇ ਪਿੱਛੇ-ਪਿੱਛੇ ਉਹੀ ਤੁਕ ਸਾਰੀਆਂ ਜ਼ਨਾਨੀਆਂ ਰਲ ਕੇ ਸੁਰ ਵਿੱਚ ਹੀ ਪੜ੍ਹਦੀਆਂ ਹਨ ਤੇ ਨਾਲ - ਨਾਲ ਥੋੜਾ ਪਿੱਟਦੀਆਂ ਹਨ। ਉਹ ਪਿੱਟਣਾ ਭੀ ਤਾਲ ਸਿਰ ਹੁੰਦਾ ਹੈ। ਮਿਰਾਸਣ ਦੇ ਉਸ ਗੀਤ ਨੂੰ ਅਲਾਹਣੀਆਂ ਕਿਹਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਕ੍ਰਿਆ ਨੂੰ ਪਿਟਸਿਆਪਾ ਕਿਹਾ ਜਾਂਦਾ ਹੈ। ਅਲਾਹਣੀਆਂ ਦੀ ਵੰਨਗੀ ਹੇਠ ਦੇਖੋ।

ਪੇਈਅੜਾ ਬਲ ਪੇਈਅੜਾ ਅੰਬੀਰ ਕਾ ਮਰਨਾ ਸੁਰਗ ਬਿਬਾਨ ਮਾ। ਤੈਨੂੰ ਹਰਿ ਹਰਿ ਕਰਤੇ ਲੇ ਚੱਲੇ, ਸ਼ਿਵ ਸ਼ਿਵ ਕਰਤ ਬਿਹਾਰਮਾ। ਪੁਤਿ ਜੇ ਪੋਤੇ ਆਪਨੇ ਹੋਰ ਰੋਵੈ ਸਭ ਪਰਵਾਰਮਾ। ਘੰਟੇ ਵੱਜੇ ਰੁਣਝੁਣੇ ਸੰਖਾਂ ਕੇ ਘਨਘੋਰਮਾ। ਜਾਇ ਉਤਾਰਾ ਗੰਗ ਸਿਰ ਅੰਬਾ ਠੰਡੀ ਛਾਉ ਮਾ। ਚੰਦਨ ਚੀਰੀ ਕਾਠੀਆ ਤੁਲਸੀ ਲਾਂਬੂ ਦੇਵ ਮਾ। ਤੈਨੂੰ ਖੜੇ ਉਡੀਕਨ ਦੇਵਤੇ ਤੂੰ ਸੁਰਗਾ ਪਰ ਮੇ ਆਵ ਮਾ। ਰੋਵਨ ਸਭੇ ਗੋਪੀਆਂ ਮੋਹੀਆ ਜਾਦੋ ਰਾਵ ਮਾ। ( ਫਰੀਦਕੋਟ ਵਾਲਾ ਟੀਕਾ )

ਸਤਿਗੁਰੂ ਜੀ ਨੇ ਇਸ ਰੋਣ-ਧੋਣ, ਪਿੱਟ-ਸਿਆਪੇ ਕਰਨ ਤੋਂ ਸਿੱਖਾਂ ਨੂੰ ਰੋਕ ਦਿੱਤਾ ਹੈ। ਗੁਰੂ ਜੀ ਪਰਮਾਤਮਾ ਦੀ ਰਜ਼ਾ ਵਿੱਚ ਜ਼ਿੰਦਗੀ ਗੁਜਾਰਨ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹਕਰਨ ਦਾ ਉਪਦੇਸ਼ ਦੇਂਦੇ ਹਨ। ਮੌਤ ਸਮੇਂ ਗਾਏ ਜਾਣ ਵਾਲੇ ਸੋਗਮਈ ਗੀਤਾਂ ਦੀ ਵਿਊਂਤ ਉੱਤੇ ਗੁਰੂ ਜੀ ਨੇ ਮੌਤ ਦੇ ਵਿਸ਼ੇ ਨੂੰ ਸਰਲਤਾ ਅਤੇ ਸਪਸ਼ਟਤਾ ਨਾਲ ਵਰਨਣ ਕਰਦੀ ਬਾਣੀ ਦਾ ਸਿਰਲੇਖ ਅਲਾਹਣੀਆਂ ਦਿੱਤਾ ਹੈ। ਸਿਰਲੇਖ ਹੇਠ ਦਿੱਤਾ ਹੈ।


”ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ“ ( ਅੰਗ ੫੭੮ )

ਸੋ ਅਲਾਹਣੀਆ ਇਕ ਕਾਵਿ ਰੂਪ ਹਨ। ਜੋ ਬਾਣੀ ਦਾ ਨਾਂ ਹੈ। ਜਿਸ ਨੂੰ ਵਡਹੰਸੁ ਰਾਗੁ ਅਤੇ ਘਰੁ ਪੰਜਵੇਂ ਵਿੱਚ ਗਉਣ ਦੀ ਹਦਾਇਤ ਹੈ। ਸਿੱਖ ਧਰਮ ਵਿੱਚ ਜਦੋਂ ਬੰਦਾ ਮਰ ਜਾਂਦਾ ਹੈ। ਉਪਰੰਤ ਮ੍ਰਿਤਕ ਦੇਹ ਦਾ ਮੜ੍ਹੀਆਂ ਵਿੱਚ ਸਸਕਾਰ ਕੀਤਾ ਜਾਂਦਾ ਹੈ। ਫਿਰ ਸੰਗਤ ਗੁਰੂਦੁਆਰਾ ਸਾਹਿਬ ਜਾਂਦੀ ਹੈ। ਉਦੋਂ ਇਸ ਅਲਾਹਣੀਆ ਨਾਂ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਉਪਰੰਤ ਅਨੰਦ ਸਾਹਿਬ ਦੀਆਂ 6 ਪਉੜੀਆਂ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ।

46 views0 comments