ਕਾਵਿ ਰੂਪਾਂ ਦੀ ਕਮਾਲ ਚੋਣ

Updated: Dec 17, 2021


( ਲੇਖਕ : ਗਿ. ਸਵਰਨ ਸਿੰਘ ਢੰਗਰਾਲੀ )

ਸਾਹਿਤ ਦੇ ਮੁੱਢਲੇ 2 ਰੂਪ ਹੁੰਦੇ ਹਨ। ਇਕ ਵਾਰਤਿਕ ਦੂਜਾ ਕਾਵਿ ਰੂਪ ਹੁੰਦਾ ਹੈ। ਸਮੁੱਚੀ ਗੁਰਬਾਣੀ ਦੀ ਰਚਨਾ ਕਾਵਿ ਰੂਪ ਵਿੱਚ ਕੀਤੀ ਗਈ ਹੈ। ਗੁਰਬਾਣੀ ਦੇ ਕਈ ਸਿਰਲੇਖ ਸਾਹਿਤਕ ਕਾਵਿ ਰੂਪ ਹਨ। ਜਿਵੇਂ - ਘੋੜੀਆਂ , ਅਲਾਹਣੀਆਂ, ਸਦ, ਬਾਰਹ ਮਾਹਾ, ਕਰਹਲੇ ਆਦਿ ਹਨ।


ਇਸ ਲਈ ਇਨ੍ਹਾਂ ਕਾਵਿ ਰੂਪਾਂ ਦੇ ਅਧਿਐਨ ਤੋਂ ਪਹਿਲਾਂ ਕਾਵਿ ਕੀ ਹੈ?

ਇਸ ਬਾਰੇ ਜਾਣ ਲੈਣਾ ਜ਼ਰੂਰੀ ਹੈ। ਕਾਵਿ ਨੂੰ ਆਮ ਲੋਕੀਂ ਕਵਿਤਾ ਕਹਿੰਦੇ ਹਨ। ਆਮ ਬੰਦਾ ਹਰ ਤਰ੍ਹਾਂ ਦੇ ਗੀਤ, ਛੰਦ, ਟੱਪੇ ਆਦਿ ਨੂੰ ਕਾਵਿ ਭਾਵ ਕਵਿਤਾ ਆਖਦਾ ਹੈ। ਪਰ ਗੁਰਬਾਣੀ ਵਿੱਚ ਗੁਰਬਾਣੀ ਕਾਵਿ ਨੂੰ ਇੰਝ ਸਧਾਰਨ ਪੱਧਰ ਉੱਤੇ ਨਹੀਂ ਲਿਆ ਗਿਆ ਹੈ। ਭਗਤ ਕਬੀਰ ਜੀ ਲਿਖਦੇ ਹਨ।

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥ ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ॥ ਅੰਗ - ੩੩੫

ਅਰਥਾਤ ਲੋਕ ਗੁਰਬਾਣੀ ਤੇ ਭਗਤ ਬਾਣੀ ਨੂੰ ਆਮ ਗੀਤ ਸਮਝਦੇ ਹਨ। ਪਰ ਇਹ ਤਾਂ ਬ੍ਰਹਮ ਗਿਆਨ ਹੈ। ਜਿਵੇਂ ਹਿੰਦੂ ਲੋਕਾਂ ਦਾ ਖਿਆਲ ਹੈ ਕਿ ਕਾਂਸੀ ਵਿੱਚ ਮਰਨ ਵੇਲੇ ਸ਼ਿਵ ਜੀ ਦਾ ਮੁਕਤੀ ਉਪਦੇਸ਼ ਮਿਲਦਾ ਹੈ। ਜਿਸ ਕਰਕੇ ਬੰਦਾ ਮੁਕਤ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਹਨ। ਇਹ ਤਾਂ ਹਿੰਦੂਆਂ ਦਾ ਖਿਆਲ ਮਾਤਰ ਹੈ। ਪਰ ਜੋ ਚਿਤ ਲਾ ਕੇ ਇਸ ਗੁਰਬਾਣੀ ਨਾਮ ਨੂੰ ਗਾਉਂਦਾ ਸੁਣਦਾ ਹੈ। ਕਬੀਰ ਜੀ ਜਿੰਮੇਵਾਰੀ ਨਾਲ ਆਖਦੇ ਹਨ ਕਿ ਉਹ ਬੰਦਾ ਪਰਮਗਤੀ ਪ੍ਰਾਪਤ ਕਰਦਾ ਹੈ। ਮੁਕਤ ਹੋ ਜਾਂਦਾ ਹੈ। ਇਸ ਵਿੱਚ ਕੋਈ ਸ਼ੰਕਾ ਨਹੀਂ ਹੈ। ਉਕਤ ਦੀ ਰੋਸ਼ਨੀ ਵਿੱਚ :

“ਗੁਰਬਾਣੀ ਉਹ ਕਾਵਿ ਹੈ। ਜੋ ਮਨੁੱਖ ਨੂੰ, ਬ੍ਰਹਮ ਗਿਆਨ, ਜਨਮ ਮਨੋਰਥ ਪ੍ਰਾਪਤੀ, ਪਰਮਗਤੀ ਤੇ ਮੁਕਤੀ ਬਖਸ਼ ਦੀ ਹੈ।”

ਸੋ ਗੁਰਬਾਣੀ ਅਨੁਸਾਰ ਬ੍ਰਹਮ ਗਿਆਨ, ਮੁਕਤੀ ਦਿੰਦੀ, ਅਦਭੁਤ ਤੇ ਚਮਤਕਾਰੀ ਸਾਹਿਤਕ ਰਚਨਾ ਨੂੰ ਕਾਵਿ ਕਿਹਾ ਜਾਂਦਾ ਹੈ। ਆਓ ਇਸ ਸਬੰਧੀ ਸੰਸਕ੍ਰਿਤ ਭਾਸ਼ਾ ਦੇ ਅਚਾਰਯਾਂ ਦੇ ਮੱਤਾ ਨੂੰ ਵੀ ਜਣ ਦੇ ਹਾਂ। ਅਚਾਰਯ ਜਗਨਨਾਥ ਆਪਣੇ ਸੰਸਕ੍ਰਿਤ ਗ੍ਰੰਥ ਰਸਗੰਗਾਧਰ ਵਿੱਚ ਲਿਖਦੇ ਹਨ।

“ਰਮਣੀਯਾਰਥ ਪ੍ਰਤਿਪਾਦਰਕਹ ਸ਼ਬਦਹ ਕਾਵਯੰ।”

ਅਰਥਾਤ ਰਮਣੀਕ ਅਰਥ ਨੂੰ ਪ੍ਰਗਟਾਉਣ ਵਾਲਾ ਸਬਦ ਕਾਵਿ ਹੈ। ਜਿਸ ਅਰਥ ਦੀ ਵਾਰ ਵਾਰ ਖੋਜ ਕਰਨ ਜਾਂ ਪਰਖਣ ਤੋਂ ਅਲੌਕਿਕ ਅਨੰਦ ਜਾਂ ਅਰਸ਼ੀ ਅਨੰਦ ਦੀ ਪ੍ਰਾਪਤੀ ਹੋਵੇ। ਉਸ ਨੂੰ ਰਮਣੀਕ ਅਰਥ ਕਹਿੰਦੇ ਹਨ।

“ਜੌਹਨ ਡ੍ਰਾਈਡਨ“ ਦਾ ਕਥਨ ਹੈ। ਅਨੰਦ ਹੀ ਕਾਵਿ ਦਾ ਪਰਮ ਪ੍ਰਯੋਜਨ ਹੈ। ਕਾਵਿ ਦਾ ਪ੍ਰਯੋਜਨ ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਕਾਵਿ - ਅੰਮ੍ਰਿਤ ਦੇ ਨਾਲ ਸਭ ਤੋਂ ਵੱਧ ਸੁਹਜਾਤਮਿਕ ਚਮਤਕਾਰ ਦੀ ਉਤਪਤੀ ਹੁੰਦੀ ਹੈ। ( ਭਾਰਤੀ ਕਾਵਿ ਸ਼ਾਸਤਰ ਪੰਨਾ ੬੮-੬੯ )

ਇਨ੍ਹਾਂ ਸੰਸਕ੍ਰਿਤ ਭਾਸ਼ਾ ਦੇ ਅਚਾਰਯਾਂ ਅਤੇ ਅੰਗਰੇਜ ਲਿਖਾਰੀ ਦੇ ਵੀਚਾਰ ਭਗਤ ਕਬੀਰ ਜੀ ਦੇ ਕਥਨ ਨਾਲ ਸਹਿਮਤੀ ਰੱਖਦੇ ਹਨ। ਗੁਰਬਾਣੀ ਕਾਵਿ ਦੇ ਅਰਥਾਂ ਦੀ ਵਾਰ ਵਾਰ ਖੋਜ ਕਰਨ ਜਾਂ ਪਰਖਣ ਤੋਂ ਅਲੌਕਿਕ ਅਨੰਦ ਜਾਂ ਅਰਸ਼ੀ ਅਨੰਦ ਅਤੇ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਾਹਿਤਕ ਵਿਦਵਾਨਾਂ ਦੀ ਕਸਵੱਟੀ ਉੱਤੇ ਸਮੁੱਚੀ ਗੁਰਬਾਣੀ ਕਾਵਿ ਦੀ ਪ੍ਰੀਭਾਸ਼ਾ ਉੱਤੇ ਖਰੀ ਉਤਰ ਦੀ ਹੈ। ਜਿਸ ਦੀ ਬਹਿਰੂਨੀ ਬਣਤਰ ਨੂੰ ਕਾਵਿਕ ਅਲੰਕਾਰਾਂ ਨਾਲ ਸਾਹਿਤਕ ਖੂਬਸੂਰਤੀ ਦਿੱਤੀ ਗਈ ਹੈ। ਪੱਛਮੀ ਅੰਗਰੇਜ ਦੇਸ਼ਾਂ ਦੇ ਕਾਵਿ ਦੇ ਮਾਨਵੀ ਕਰਨ ਵਰਗੇ ਅਲੰਕਾਰ 550 ਸਾਲ ਪਹਿਲਾਂ ਗੁਰਬਾਣੀ ਵਿੱਚ ਵਰਤੇ ਗਏ ਹਨ। ਜਦੋਂ ਅੰਗਰੇਜਾਂ ਨਾਲ ਭਾਰਤ ਦੀ ਕੋਈ ਸਾਹਿਤਕ ਜਾਂ ਸਮਾਜਿਕ ਸਾਂਝ ਨਹੀਂ ਸੀ। ਅਲੰਕਾਰਾਂ ਵਾਂਗ ਜੇ ਗੁਰਬਾਣੀ ਕਾਵਿ ਰਸਾਂ ਦੀ ਗੱਲ ਕਰੀਏ। ਤਾਂ ਗੁਰਬਾਣੀ ਦਾ ਮੁੱਖ ਕਾਵਿ ਰਸ, ਸ਼ਾਂਤ ਰਸ ਹੈ।

ਸ਼ਾਂਤ ਰਸ ਕੀ ਹੈ? ਇਸ ਬਾਰੇ ਭਾਰਤੀ ਕਾਵਿ ਸ਼ਾਸਤਰ ਪੰਨਾ 251 ਉੱਤੇ ਲਿਖਿਆ ਹੈ। ਤੱਤ ਗਿਆਨ ਦੇ ਕਾਰਣ ਮਨ ਵਿੱਚ ਜਦੋਂ ਵੈਰਾਗ ਪੈਦਾ ਹੁੰਦਾ ਹੈ। ਉੱਥੇ ਸ਼ਾਂਤ ਰਸ ਮੰਨਿਆ ਗਿਆ ਹੈ।

ਸਮੁੱਚੀ ਗੁਰਬਾਣੀ ਤੱਤ ਗਿਆਨ ਕਰਵਾਉਂਦੀ ਹੈ। ਸੋ ਗੁਰਬਾਣੀ ਦਾ ਪ੍ਰਧਾਨ ਕਾਵਿ ਰਸ, ਸ਼ਾਂਤ ਰਸ ਹੈ।

ਉਹ ਪ੍ਰਮਾਣਿਤ ਹੁੰਦਾ ਹੈ,

ਉਂਝ ਗੁਰਬਾਣੀ ਵਿੱਚ ਕਾਵਿ ਦੇ ਬਹੁਤ ਸਾਰੇ ਪ੍ਰਚਲਿਤ ਕਾਵਿ ਰਸ ਵਰਤੇ ਗਏ ਹਨ। ਇੱਥੇ ਅਦਭੁਤ ਕਾਵਿ ਰਸ ਦੀ ਗੁਰਬਾਣੀ ਵਿਚਲੀ ਉਦਾਹਰਣ ਦੇਣੀ, ਰੌਚਿਕ ਅਤੇ ਆਪਣੇ ਆਪ ਵਿੱਚ ਅਦਭੁਤ ਹੋਵੇਗੀ। ਡਾ.ਪ੍ਰੇਮ ਪ੍ਰਕਾਸ਼ ਸਿੰਘ ਇਸ ਰਸ ਨੂੰ ਇੰਝ ਪ੍ਰੀਭਾਸ਼ਤ ਕਰਦੇ ਹਨ।

”ਅਨੋਖੀ ਅਤੇ ਵਿਚਿਤ੍ਰ ਵੇਖਣ ਅਤੇ ਸੁਣਨ ਤੋਂ ਜਦੋਂ ਅਸਚਰਜ ਭਾਵ ਦੀ ਪੁਸ਼ਟੀ ਹੋਵੇ, ਉਦੋਂ ਅਦਭੁਤ ਰਸ ਪ੍ਰਗਟ ਹੁੰਦਾ ਹੈ।” (ਭਾਰਤੀ ਕਾਵਿ ਸ਼ਾਸਤਰ)

ਗੁਰਬਾਣੀ ਦੇ ਅਦਭੁਤ ਕਾਵਿ ਰਸ ਦੀ ਉਦਾਹਰਣ ਹੇਠ ਦਿੱਤੀ ਜਾਂਦੀ ਹੈ।

ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ ( ਅੰਗ - ੩੨੬ )
ਪਹਿਲਾ ਪੂਤੁ ਪਿਛੈਰੀ ਮਾਈ॥ ਗੁਰੁ ਲਾਗੋ ਚੇਲੇ ਕੀ ਪਾਈ॥੧॥ ਏਕੁ ਅਚੰਭਉ ਸੁਨਹੁ ਤੁਮ੍ਹ ਭਾਈ॥ ਦੇਖਤ ਸਿੰਘੁ ਚਰਾਵਤ ਗਾਈ॥੧॥ਰਹਾਉ॥ ਜਲ ਕੀ ਮਛੁਲੀ ਤਰਵਰਿ ਬਿਆਈ॥ ਦੇਖਤ ਕੁਤਰਾ ਲੈ ਗਈ ਬਿਲਾਈ॥੨॥ ਤਲੈ ਰੇ ਬੈਸਾ ਊਪਰਿ ਸੂਲਾ॥ ਤਿਸ ਕੈ ਪੇਡਿ ਲਗੇ ਫਲ ਫੂਲਾ॥੩॥ ਘੋਰੈ ਚਰਿ ਭੈਸ ਚਰਾਵਨ ਜਾਈ॥ ਬਾਹਰਿ ਬੈਲੁ ਗੋਨਿ ਘਰਿ ਆਈ॥੪॥ ਅੰਗ - ੪੮੧
ਜਲ ਕੀ ਮਾਛੁਲੀ ਚਰੈ ਖਜੂਰਿ॥ ਅੰਗ - ੭੧੮

ਅਰਥਾਤ : “ਕਬੀਰ ਜੀ ਕਹਿੰਦੇ ਹਨ। ਕਿਹੋ ਜਿਹੀ ਖੇਡ ਖੇਡੀ ਜਾ ਰਹੀ ਹੈ। ਲੇਲੇ ਨੂੰ ਭੇਡ ਚੁੰਘ ਰਹੀ ਹੈ। ਪਹਿਲਾਂ ਪੁੱਤ ਜੰਮਿਆ ਪਿੱਛੋਂ ਮਾਂ ਜੰਮੀ, ਸ਼ੇਰ ਗਾਂਵਾਂ ਨੂੰ ਚਾਰਦਾ ਹੈ। ਪਾਣੀ ਦੀ ਮੱਛੀ ਦਰੱਖਤ ਉਤੇ ਚੜ੍ਹ ਗਈ ਹੈ। ਕਤੂਰੇ ਨੂੰ ਬਿੱਲੀ ਚੁੱਕੀਂ ਫਿਰਦੀ ਹੈ। ਰੁੱਖਾਂ ਦੀਆਂ ਟਾਹਣੀਆਂ ਹੇਠਾਂ ਹਨ। ਤਣਾਂ ਉਪਰ ਹੈ। ਤਣੇ ਨੂੰ ਫੁਲ-ਫਲ ਲੱਗੇ ਹੋਏ ਹਨ। ਘੋੜੇ ਉਤੇ ਚੜ੍ਹ ਕੇ ਮੱਝ ਘਾਹ ਚੁਗਣ ਜਾ ਰਹੀ ਹੈ। ਬੈਲ ਅਜੇ ਘਰ ਤੋਂ ਬਾਹਰ ਖੇਤਾਂ ਵਿੱਚ ਹੀ ਹੈ। ਖੇਤ ਦਾ ਸਮਾਨ ਘਰ ਆ ਗਿਆ ਹੈ। ਪਾਣੀ ਦੀ ਮਛਲੀ ਖੰਜੂਰ ਉਤੇ ਚੜ੍ਹ ਗਈ ਹੈ।”

ਇਹ ਸਾਰੀਆਂ ਅਦਭੁਤ ਤੇ ਹੈਰਾਨੀਜਨਕ ਗੱਲਾਂ ਉਕਤ ਸਬਦਾਂ ਵਿੱਚ ਕਹੀਆਂ ਗਈਆਂ ਹਨ। ਜਿਸ ਨਾਲ ਅਦਭੁਤ ਕਾਵਿ ਰਸ ਦੀ ਸਿਰਜਣਾਂ ਹੋ ਗਈ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਬਾ-ਕਮਲ ਢੰਗ ਨਾਲ ਕਾਵਿ ਰਸਾਂ ਦੀ ਵਰਤੋਂ ਵੀ ਕੀਤੀ ਮਿਲਦੀ ਹੈ।

ਇਹੋ ਜਿਹੀ ਕਾਵਿ ਦੀ ਰਚਨਾ ਕਰਨਾ ਹਰ ਲਿਖਾਰੀ ਜਾਂ ਕਵੀ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ਸੰਸਕ੍ਰਿਤ ਦਾ ਸਮੀਖਿਆਕਾਰ ਭਾਮਹ ਦਾ ਕਥਨ “ਕਵੀ ਵਿਰਲੇ ਬੰਦੇ ਹੀ ਹੁੰਦੇ ਹਨ।” ਬਹੁਤ ਢੁੱਰਵਾਂ ਹੈ। ਗੁਰੂ ਸਾਹਿਬਾਨਾਂ ਦੀ ਨਜ਼ਰ ਵਿੱਚ, ਉਨ੍ਹਾਂ ਦੇ ਸਮਕਾਲੀ, ਅਜਿਹੇ ਕਵੀ ਕੇਵਲ ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 3 ਗੁਰੂ ਦੇ ਸਿੱਖ ਹੀ ਸਨ। ਜਿਨਾਂ ਦੀ ਕਾਵਿ ਭਾਵ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਗਈ ਹੈ। ਕਿਉਂ ਕਿ ਇਨ੍ਹਾਂ ਦੀ ਕਾਵਿ ਹੀ ਉਕਤ ਕਾਵਿ ਦੀ ਪ੍ਰੀਭਾਸ਼ਾ ਉਤੇ ਖਰੀ ਉਤਰ ਦੀ ਸੀ। ਸਤਿਗੁਰਾਂ ਨੇ ਅਜਿਹੀ ਅੰਮ੍ਰਿਤ ਕਾਵਿ ਦੇ ਸਿਰਲੇਖ, ਕਈ ਕਾਵਿ ਵੰਨਗੀਆਂ ਨੂੰ ਬਣਾਇਆ ਹੈ। ਅੱਗੇ ਉਨ੍ਹਾਂ ਦੀ ਸੰਖੇਪ ਜਾਣਕਾਰੀ ਦਿੱਤੀ ਜਾ ਰਹੀ ਹੈ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੇ ਗਏ ਕਾਵਿ ਰੂਪਾਂ ਦੀ ਚੋਣ, ਸਤਿਗੁਰਾਂ ਦੀ ਸਖਸ਼ੀਅਤ ਨੂੰ ਮਾਹਰ ਮਨੋਵਿਗਿਆਨੀ ਸਿੱਧ ਕਰਦੀ ਹੈ। ਕਾਵਿ ਰੂਪ ਆਮ ਮਨੁੱਖ ਦੀ, ਆਮ ਜ਼ਿੰਦਗੀ ਦੇ ਆਲੇ ਦੁਆਲੇ ਵਿੱਚ, ਆਮ ਵਰਤਾਰੇ ਦਾ ਅੰਗ ਹਨ। ਬੰਦੇ ਦੀ ਜਿੰਦਗੀ ਇਕ ਸਮਾਂ ਹੈ।ਉਮਰ ਹੈ। ਜਦੋਂ ਅਸੀਂ ਆਖਦੇ ਹਾਂ ਕਿ ਬੰਦਾ 40 ਸਾਲਾ 10 ਮਹੀਨੇ 20 ਦਿਨ ਦਾ ਹੋ ਗਿਆ ਹੈ। ਤਾਂ ਇਸ ਦਾ ਮਤਲਬ ਹੈ ਕਿ ਉਸ ਬੰਦੇ ਨੇ ਆਪਣੀ ਉਮਰ ਦਾ ਐਨਾ ਸਮਾਂ ਹੰਢਾਅ ਲਿਆ ਹੈ। ਭਾਵ ਖਰਚ ਕਰ ਲਿਆ ਹੈ। ਦੂਜੇ ਸ਼ਬਦਾਂ ਵਿੱਚ ਉਹ ਬੰਦਾ 40 ਸਾਲ 10 ਮਹੀਨੇ 20 ਦਿਨ ਮੌਤ ਦੇ ਨੇੜੇ ਹੋ ਗਿਆ ਹੈ। ਇਹ ਸਮਾਂ ਘੜੀ, ਪਹਿਰ, ਦਿਨ - ਰਾਤ, ਹਫ਼ਤੇ, ਮਹੀਨੇ, ਰੁੱਤਾਂ, ਸਾਲ ਬਣ ਕੇ ਲੰਘਦਾ ਰਹਿੰਦਾ ਹੈ। ਸਤਿਗੁਰਾਂ ਨੇ ਜ਼ਿੰਦਗੀ ਦੇ ਗੁਜ਼ਰਦੇ ਹਰ ਨਿਮਖ ਨੂੰ ਸੰਭਾਲਣ ਤੇ ਸਫਲ ਕਰਨ ਦੇ ਉਪਦੇਸ਼ ਹਿੱਤ ਸੰਬਧਤ ਕਾਵਿ ਰੂਪਾਂ ਵਿੱਚ ਗੁਰਬਾਣੀ ਦੀ ਰਚਨਾ ਵੀ ਕੀਤੀ ਹੈ। ਤਾਂ ਜੋ ਗੁਰਬਾਣੀ ਪ੍ਰਤੀ ਬੰਦੇ ਵਿੱਚ ਖਿੱਚ ਅਤੇ ਰੌਚਕਤਾ ਪੈਦਾ ਹੋਵੇ। ਗੁਰਬਾਣੀ ਵਿੱਚ ਸਮਾਂ ਨਾਪਣ ਦਾ ਪੈਮਾਨਾ ਸੈਕਿੰਡ, ਮਿੰਟ, ਘੰਟੇ ਨਹੀਂ ਲਿਖਿਆ ਗਿਆ ਹੈ। ਇਹ ਅੰਗਰੇਜ਼ੀ ਪੈਮਾਨਾ ਹੈ। ਗੁਰਬਾਣੀ ਵਿੱਚ ਵਰਤੇ ਪੈਮਾਨੇ ਅਤੇ ਅੰਗਰੇਜਾ ਦੇ ਪੈਮਾਨੇ ਦਾ ਟਾਕਰਾ, ਵਣਜਾਰਿਆ ਮਿਤ੍ਰਾ ਕਿਤਾਬਚੇ ਵਿੱਚ ਡਾ. ਪਰਮਜੀਤ ਸਿੰਘ ਨੇ ਹੇਠ ਅਨੁਸਾਰ ਕੀਤਾ ਹੈ।

ਉਪਰ ਸਮਾਂ ਨਾਪਣ ਦਾ ਪੈਮਾਨਾ ਇਸ ਕਰਕੇ ਦਿੱਤਾ ਗਿਆ ਹੈ। ਤਾਂ ਜੋ ਸਾਨੂੰ ਅਹਿਸਾਸ ਹੋ ਸਕੇ ਕਿ ਗੁਰੂ ਜੀ ਜਿੰਦਗੀ ਦੇ ਇਕ ਨਿਮਖ ਦੇ ਸਮੇਂ ਨੂੰ ਵੀ ਲੇਖੇ ਵਿੱਚ ਲਾਉਣ ਦਾ ਉਪਦੇਸ਼ ਕਰਦੇ ਲਿਖਦੇ ਹਨ।


ਨਿਮਖ: ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ ਅੰਗ - ੪੯੬

ਚਸਾ : ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ ਅੰਗ - ੯੭

ਪਲ : ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ ਅੰਗ - ੯੭

ਘੜੀ : ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ॥ ਅੰਗ - ੪੪

ਮੂਰਤ / ਮੁਹੂਰਤ : ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ॥ ਅੰਗ -੪੪

ਪਹਿਰ : ਆਠ ਪਹਰ ਅਪਨਾ ਖਸਮੁ ਧਿਆਵਉ॥ ਅੰਗ - ੪੮੫

ਦਿਨ - ਰਾਤ : ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੇ ਜੰਤੁ ॥ ਅੰਗ - ੧੩੬

ਸਤਿਗੁਰੂ ਜੀ ਸਿੱਖ ਨੂੰ ਆਪਣੀ ਜਿੰਦਗੀ ਦੇ ਨਿਮਖ ਤੋਂ ਲੈ ਕੇ ਦਿਨ ਰਾਤ ਸੰਭਾਲਣ ਲਈ ਸੁਚੇਤ ਕਰਦੇ ਹਨ। ਆਓ ਹੁਣ ਸਮਾਂ ਵੰਡ ਨਾਲ ਸਬੰਧਤ ਵਰਤੇ ਕਾਵਿ ਰੂਪਾਂ ਅਰਥਾਤ ਬਾਣੀਆਂ ਦੇ ਸਿਰਲੇਖ ਉਤੇ ਝਾਤੀ ਮਾਰਦੇ ਹਾਂ। ਗੁਰੂ ਜੀ ਨੇ

”ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥” ਅੰਗ ੭੪

ਸਿਰਲੇਖ ਅਧੀਨ ਪਹਿਰੇ ਨਾਮੀ ਬਾਣੀ ਰਚੀ।ਜਿਸ ਵਿੱਚ ਮਨੁੱਖ ਨੂੰ ਸਮਝਾਇਆ ਕਿ ਹੇ ਭਾਈ ! ਵਣਜਾਰਿਆ ਮਿਤ੍ਰਾ ਤੈਨੂੰ ਆਪਣੀ ਗਰਭ, ਬਾਲ, ਜਵਾਨੀ ਅਤੇ ਬੁੱਢਾਪੇ ਰੂਪੀ, ਜਿੰਦਗੀ ਦੇ ਚਾਰੇ ਪਹਿਰ ਵਾਹਿਗ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਸੁਘੜ ਸਿਆਣੇ ਵਣਜਾਰੇ ਵਾਂਗ ਮਾਤ ਲੋਕ ਵਿੱਚੋਂ ਲਾਹਾ ਖੱਟ ਕੇ ਜਾਣਾ ਚਾਹੀਦਾ ਹੈ। 8 ਪਹਿਰ ਦਾ ਇਕ ਦਿਨ ਰਾਤ ਬਣਦਾ ਹੈ। ਦਿਨ ਚੜ੍ਹਦੇ ਬੰਦੇ ਦੀ ਜਿੰਦਗੀ ਦੇ ਕੰਮ ਕਾਰ ਸ਼ੁਰੂ ਹੋ ਜਾਂਦੇ ਹਨ। ਥੱਕ ਹਾਰ ਕੇ ਬੰਦਾ ਰਾਤ ਨੂੰ ਘਰ ਆ ਕੇ ਸੌਂ ਜਾਂਦਾ ਹੈ। ਬਸ ਇਸੇ ਤਰ੍ਹਾਂ ਜਿੰਦਗੀ ਬੀਤ ਜਾਂਦੀ ਹੈ। ਅੰਤ ਮੌਤ ਦੀ ਗੋਦ ਵਿੱਚ ਸਦੀਵੀ ਨੀਂਦ ਸੌਂ ਜਾਂਦਾ ਹੈ।ਗੁਰੂ ਜੀ

“ਮਾਝ ਮਹਲਾ ੫ ਦਿਨ ਰੈਣਿ” ਅੰਗ - ੧੩੬

ਸਿਰਲੇਖ ਅਧੀਨ ਬਾਣੀ ਦਿਨ ਰੈਣਿ ਰਚ ਕੇ ਸੁਚੇਤ ਕਰਦੇ ਹਨ, ਕਿ ਜਦੋਂ ਦਿਨ ਚੜੇ, ਰਾਤ ਹੋਵੇ ਸਿੱਖ ਨੂੰ ਬਾਣੀ ਚੇਤੇ ਆਵੇ, ਕਿ ਗੁਰਾਂ ਨੇ ਕਿਹਾ ਹੈ “ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ॥” ਅਰਥਾਤ ਉਹੀ ਮਨੁੱਖ ਹਰਿਆ, ਭਰਿਆਂ, ਮਹਿਕਦਾ ਤੇ ਟਹਿਕਦਾ ਹੈ। ਜਿਸ ਨੂੰ ਦਿਨ ਰਾਤ ਰੱਬ ਯਾਦ ਰਹਿੰਦਾ ਹੈ।

ਦਿਨ ਰਾਤ ਤੋਂ ਮਿਲ ਕੇ ਵਾਰ - ਸਤ ( ਹਫ਼ਤਾ ) ਬਣਦਾ ਤੇ ਲੰਘ ਜਾਂਦਾ ਹੈ। ਜਿੰਦਗੀ ਕੱਕੇ ਰੇਤ ਵਾਂਗੂੰ ਕਿਰਦੀ ਰਹਿੰਦੀ ਹੈ। ਦੂਜੀ ਗੱਲ ਚੰਗੇ ਮਾੜੇ ਦਿਨ ਦੇ ਵਹਿਮ ਭਰਮ ਵਿੱਚ ਫਸਿਆ ਬੰਦਾ, ਇਕ ਸੈਰੀ ਦੂਜੀ ਮੜ੍ਹੀਆਂ ਦੇ ਰਾਹ ਪੈਗੀ ਵਾਲੀ ਗੱਲ ਕਰ ਬੈਠਦਾ ਹੈ। ਗੁਰੂ ਜੀ ਨੇ ਜਿੰਦਗੀ ਦੇ ਹਫ਼ਤੇ ਸੰਭਾਲਣ ਲਈ ਸਤ - ਵਾਰ ਨਾਮੀ ਬਾਣੀ “ਬਿਲਾਵਲੁ ਮਹਲਾ ੩” ਵਾਰ ਸਤ ਘਰੁ 10 - ਅੰਗ ੮੪੧ ਸਿਰਲੇਖ ਅਧੀਨ ਰਚੀ ਹੈ। ਜਿਸ ਦਿਨ ਰੱਬ ਚੇਤੇ ਆਵੇ। ਇਸ ਸਿਰਲੇਖ ਹੇਠਲੀ ਬਾਣੀ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਗਤੀ

”ਹਿਰਦੈ ਜਪਨੀ ਜਪਉ ਗੁਣਤਾਸਾ॥”

ਦੱਸਦੀ ਹੈ ਕਿ ਹਿਰਦੇ ਵਿੱਚ ਵਾਹਿਗੁਰੂ ਦਾ ਜਾਪ ਕਰਨਾ ਸ਼ੁਭ ਗਣਾਂ ਦਾ ਖਜਾਨਾ ਹੈ। ਇਸ ਲਈ ਚੰਗਾ ਦਿਨ ਉਹ ਜਿਸ ਦਿਨ ਤੂੰ ਸ਼ੁਭ ਕਰਮਾ ਦਾ ਖਜਾਨਾ ਇੱਕਠਾ ਕੀਤਾ। ਦੂਜਾ ਹੇ ਸਿੱਖ ! ਜਦੋਂ ਹਫ਼ਤਾ ਪੂਰਾ ਹੋਵੇ ਤਾਂ ਤੂੰ ਪੜਚੋਲ ਕਰੇਂ ਕਿੰਨੇ ਦਿਨ ਗੁਰੂਦੁਆਰੇ ਗਿਆ। ਕਿੰਨੇ ਦਿਨ ਨਿਤਨੇਮ ਕੀਤਾ।

2 ਹਫ਼ਤੇ ਦਾ ਸਮਾਂ ਪੰਦਰਵਾੜਾ ( ਅੱਧਾ ਮਹੀਨਾ ) ਅਖਵਾਉਂਦਾ ਹੈ। ਤਿਥਾਂ ਜਾਂ ਥਿਤਾਂ 15 ਹੁੰਦੀਆਂ ਹਨ। ਇਸ ਲਈ ਗੁਰੂ ਜੀ ਨੇ ਥਿਤੀ ਨਾਮੀ ਬਾਣੀ ਦੇ ਸਿਰਲੇਖ “ਥਿਤੀ ਗਉੜੀ ਮਹਲਾ ੫॥ ਸਲੋਕੁ ॥-ਅੰਗ ੨੯੬ ਅਧੀਨ ਉਪਦੇਸ਼ ਕੀਤਾ ਹੈ। ਗੁਰੂ ਜੀ ਨੇ ਸਿੱਖ ਨੂੰ ਸਾਵਧਾਨ ਕੀਤਾ ਕਿ ਤੇਰੀ ਜਿੰਦਗੀ ਦੀ ਕੋਈ ਤਿਥ ਬੰਦਗੀ ਬਗੈਰ ਨਾ ਹੋਵੇ। ਹਨੇਰੇ ਨੂੰ ਅਗਿਆਨਤਾ ਤੇ ਬੁਰਿਆਈਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਇਸ ਬਾਣੀ ਵਿੱਚ ਗੁਰੂ ਜੀ ਦੱਸਦੇ ਹਨ, ਕਿ ਗੁਰੂ ਦੀ ਚਰਨ - ਸ਼ਰਨ ਦਾ ਪ੍ਰਤਾਪ, ਜਿੰਦਗੀ ਦੇ ਮੱਸਿਆ ਦੇ ਕੁਪ - ਹਨੇਰੇ ਨੂੰ ਆਤਮਿਕ ਸੁੱਖ ਦੇ ਚਾਨਣ ਨਾਲ ਪੂਰਨਮਾਸੀ ਬਣਾ ਦਿੰਦਾ ਹੈ। ਗੁਰੂ ਬਚਨ ਹੈ :

”ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ॥”

ਗੁਰੂ ਜੀ ਥਿਤੀ ਸਾਹਿੱਤਕ ਕਾਵਿ ਅਧੀਨ ਰਚੀ ਬਾਣੀ ਵਿੱਚ ਭਰਮ ਭੁਲੇਖੇ ਦੂਰ ਕਰਕੇ ਸਮਝਾਉਂਦੇ ਹਨ। ਤਿਥ ਕੋਈ ਮਾੜੀ ਨਹੀਂ ਹੁੰਦੀ ਹੈ। ਜਿਸ ਤਿਥ ਨੂੰ ਰੱਬ ਯਾਦ ਆਵੇ, ਉਹ ਹੀ ਚੰਗੀ ਹੈ। ਸਿੱਖਾ ਜਦੋਂ ਕਿਸੇ ਥਿਤ ਦਾ ਖਿਆਲ ਤੇਰੇ ਮਨ ਵਿੱਚ ਆਵੇ ਤਾਂ ਤੈਨੂੰ ਗੁਰੂ ਦੀ ਬਾਣੀ ਚੇਤੇ ਆਵੇ। ਇਸੇ ਤਰ੍ਹਾਂ 2 ਪੰਦਰਵਾੜੇ ਦਾ ਮਹੀਨਾ ਬਣਦਾ ਹੈ। ਮਹੀਨਿਆਂ ਦੇ ਅਧਾਰਤ ਸਤਿਗੁਰਾਂ ਨੇ ਬਾਰਹ ਮਾਹਾਂ ਨਾਮੀ ਬਾਣੀ “ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪” ਅਧੀਨ ਉਚਾਰਨ ਕੀਤੀ ਹੈ। ਜਿਸ ਵਿੱਚ ਤੱਤ ਸਾਰ ਸਮਝਾਇਆ :

“ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥” ਅੰਗ - ੧੩੬

ਅਰਥਾਤ ਉਸ ਲਈ ਮਹੀਨਾ, ਦਿਨ ਤੇ 2 ਘੜੀਆਂ (ਮੂਰਤ), ਭਲੀਆਂ ਹਨ। ਜਿਸ ਉਤੇ ਵਾਹਿਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਹੈ। 12 ਮਹੀਨੇ ਦਾ ਇਕ ਸਾਲ ਹੁੰਦਾ ਹੈ। ਸਾਲ ਵਿੱਚ 2 - 2 ਮਹੀਨਿਆਂ ਦੀਆਂ 6 ਰੁੱਤਾਂ ਹੁੰਦੀਆਂ ਹਨ। ਗੁਰੂ ਜੀ ਨੇ ਰੁੱਤਾਂ ਅਧਾਰਤ ਵੀ ਰੁੱਤੀ ਨਾਮੀ ਬਾਣੀ ਦੀ ਰਚਨਾ ਕੀਤੀ ਹੈ। ਜਿਸ ਦਾ ਸਿਰਲੇਖ “ਰਾਮਕਲੀ ਮਹਲਾ ੫ ਰੁਤੀ ਸਲੋਕੁ” (ਅੰਗ - ੨੨) ਦਿੱਤਾ ਹੈ। ਜਿਸ ਵਿੱਚ ਤੱਤ ਗਿਆਨ ਦ੍ਰਿੜ ਕਰਵਾਉਂਦੇ ਗੁਰੂ ਜੀ ਸਮਝਾਉਂਦੇ ਹਨ।

“ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ॥”

ਭਾਵ ਉਹ ਰੁੱਤ, ਮਹੀਨਾ, ਮੂਰਤ, ਘੜੀ ਸੋਭਾ ਵਾਲੇ ਹੁੰਦੇ ਹਨ। ਜਿਨ੍ਹਾਂ ਵਿੱਚ ਪ੍ਰਮੇਸਰ ਦੇ ਗੁਣ ਗਾਏ ਜਾਂਦੇ ਹਨ। ਅਸਲ ਵਿੱਚ ਗੁਰੂ ਜੀ ਇਹ ਸਮਝਾ ਰਹੇ ਕਿ ਬਰਸਾਤੀ ਡੱਡੂ ਵਾਂਗ ਕੇਵਲ ਵਕਤੀ ਡਾਂ - ਡਾਂ ਨਹੀਂ ਕਰਨੀ ਹੈ। ਭਾਵ ਪਾਠ ਪੂਜਾ ਸਿਮਰਨ ਕੇਵਲ ਕਿਸੇ ਖਾਸ ਮੌਕੇ / ਦਿਨ ਦਿਹਾੜੇ / ਮਹੀਨੇ ਜਾਂ ਰੁੱਤ ਵਿੱਚ ਹੀ ਨਹੀਂ ਕਰਨਾ ਹੁੰਦਾ ਹੈ। ਸਗੋਂ ਚੱਤੋ ਪਹਿਰ ਪ੍ਰਮੇਸਰ ਨੂੰ ਯਾਦ ਕਰਨਾ ਹੈ। ਹਰ ਸਮਾਂ ਸੋਭਾਵੰਤ ਬਣਾਉਣਾ ਹੈ।

ਇਸੇ ਤਰ੍ਹਾਂ ਗੁਰਬਾਣੀ ਵਿੱਚ ਕਾਵਿ ਸਾਹਿਤ ਦੇ ਗੀਤ ਰੂਪ ਦੀ ਵਰਤੋਂ ਸਿਰਲੇਖਾਂ ਵੱਜੋਂ ਕੀਤੀ ਗਈ ਹੈ। ਜਿਵੇਂ ਸਦ, ਅਲਾਹਣੀਆਂ, ਕਰਹਲੇ, ਘੋੜੀਆਂ, ਬਿਰਹੜਾ, ਸੋਹਿਲਾ, ਪਟੀ, ਬਾਵਨ ਅਖਰੀ ਆਦਿ। ਕਈ ਸਾਰੇ ਕਾਵਿ ਛੰਦ, ਛੰਦ, ਦੋਹਾ, ਪਉੜੀ, ਝੋਲਨਾ, ਚਉਪਦੇ, ਸਲੋਕ, ਆਦਿ ਦੀ ਵਰਤੋਂ ਕੀਤੀ ਗਈ ਹੈ। ਕੁਝ ਧਾਰਮਿਕ ਤੇ ਸਮਾਜਿਕ ਰਸਮਾ, ਬੋਲੀ ਮੁਹਾਵਰਾ ਨਾਲ ਸਬੰਧਤ ਹਨ। ਜਿਵੇਂ ਅੰਜੁਲੀ, ਆਰਤੀ, ਸੁਚੱਜੀ, ਕੁਚੱਜੀ, ਗੁਣਵੰਤੀ ਆਦਿ। ਇੰਝ ਕਹਿ ਲਈਏ ਕਿ ਗੁਰੂ ਜੀ ਨੇ ਗੁਰਬਾਣੀ ਉਪਦੇਸ਼ਾਂ ਵੱਲ ਮਨੁੱਖੀ ਧਿਆਨ ਖਿੱਚਣ ਲਈ ਉਸ ਦੀ ਰੁੱਚੀ ਦੇ ਅਨਕੂਲ ਗੁਰਬਾਣੀ ਦੀ ਰਚਨਾ ਬਹੁਤ ਸਾਰੇ ਪ੍ਰਚਲਿਤ ਕਾਵਿ ਰੂਪਾਂ ਵਿੱਚ ਕੀਤੀ ਹੈ। ਉਨ੍ਹਾਂ ਨੂੰ ਗੁਰਬਾਣੀ ਦੇ ਸਿਰਲੇਖਾਂ ਵਿੱਚ ਥਾਂ ਦਿੱਤੀ ਹੈ।