ਅੰਜੁਲੀ ਜਾਂ ਅੰਜੁਲੀਆ ਸਿਰਲੇਖ ਅਧਿਐਨ


ਅੰਜੁਲੀ ਜਾਂ ਅੰਜੁਲੀਆ ਸਿਰਲੇਖ ਅਧਿਐਨ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸਿਰਲੇਖ ਦੋ ਥਾਂਵਾਂ ਉੱਤੇ ਦਿੱਤਾ ਗਿਆ ਹੈ। ਦੋਨੋਂ ਸਿਰਲੇਖ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਹਨ। ਜਿਨ੍ਹਾਂ ਦਾ ਮੂਲ ਰੂਪ ਹੇਠ ਲਿਖੇ ਅਨੁਸਾਰ ਹੈ।

ਮਾਰੂ ਅੰਜੁਲੀ ਮਹਲਾ ੫ ਘਰੁ ੭ ……..ਅੰਗ ੧੦੦੭ ਮਾਰੂ ਮਹਲਾ ੫ ਘਰ ੮ ਅੰਜੁਲੀਆ …….ਅੰਗ ੧੦੧੯

ਉਕਤ ਸਿਰਲੇਖਾਂ ਦੇ ਕ੍ਰਮਵਾਰ ਅਰਥ ਬਣਦੇ ਹਨ। ਅੰਜੁਲੀ ਕਾਵਿ ਰੂਪੀ ਪੰਜਵੇਂ ਗੁਰਾਂ ਦੀ ਬਾਣੀ ਜਿਸ ਨੂੰ ਮਾਰੂ ਰਾਗੁ, ਘਰੁ 7 ਵਿੱਚ ਗਾਉਣਾਂ ਹੈ। 7 ਦਾ ਉਚਾਰਨ ਸੱਤਵਾਂ ਕਰਨਾ ਸ਼ੁਧ ਪਾਠ ਹੈ। ਦੂਜੇ ਸਿਰਲੇਖ ਦੇ ਅਰਥ ਹਨ। ਅੰਜੁਲੀ ਕਾਵਿ ਰੂਪੀ ਪੰਜਵੇਂ ਗੁਰਾਂ ਦੀ ਬਾਣੀ ਜਿਸ ਨੂੰ ਮਾਰੂ ਰਾਗੁ, ਘਰੁ 8 ਵਿੱਚ ਗਾਉਣਾਂ ਹੈ। 8 ਦ ਉਚਾਰਨ ਅੱਠਵਾਂ ਕਰਨਾ ਸ਼ੁਧ ਪਾਠ ਹੈ। ਅੰਜੁਲੀ ਇਕ ਸਾਹਿਤਕ ਕਾਵਿ ਰੂਪ ਹੈ। ਜੋ ਗੁਰੂ ਜੀ ਦੀ ਪੰਜਾਬੀ ਸਾਹਿਤ ਨੂੰ ਮੌਲਿਕ ਦੇਣ ਹੈ। “ਹਿੰਦੂ ਮੱਤ ਵਿੱਚ ਪਿੱਤਰ ਦੇਵਤਾ ਆਦਿ ਨੂੰ ਅਰਪਣ ਕੀਤੀ ਪਾਣੀ ਦੀ ਚੂਲ਼ੀ ਨੂੰ ਅੰਜੁਲੀ ਆਖਦੇ ਹਨ”। (ਮਹਾਨਕੋਸ਼)

”ਅਪਣੇ ਈਸਟ ਦੇਵ ਨੂੰ ਅਰਪਣ ਕੀਤੀ ਹੋਈ ਕੋਈ ਚੀਜ਼ ਅੰਜੁਲਿ/ ਅੰਜੁਲੀ ਅਖਵਾਉਂਦੀ ਹੈ। ਇਹਨਾਂ ਦੋਹਾਂ ਸ਼ਬਦਾਂ ਵਿੱਚ ਮਨੁੱਖ ਨੂੰ ਆਪਣੇ ਆਪ ਹਰੀ ਅੱਗੇ ਸੁੱਟ ਦੇਣ ਦੀ ਪ੍ਰੇਰਨਾ ਹੈ”। ( ਸਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ )

ਇਸ ਤਰ੍ਹਾਂ ਚੂਲ਼ੀ / ਬੁਕ ਭਰਨ ਵੇਲੇ ਦੋਨੋਂ ਹੱਥ ਜੋੜਨੇ ਪੈਂਦੇ ਹਨ। ਗੁਰੂ ਜੀ ਇਸ ਬਾਣੀ ਵਿੱਚ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਪਾਣੀ ਦੀ ਚੂਲ਼ੀ ਅਰਪਨ ਕਰਨਾ ਅਗਿਆਨਤਾ ਦਾ ਫੋਕਟ ਕਰਮ ਹੈ। ਜੇ ਹੱਥ ਜੋੜ ਕੇ ਅੰਜੁਲੀ ਅਰਪਨ ਕਰਨੀ ਹੀ ਹੈ। ਤਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਣਾ ਆਪ ਅਰਪਨ ਕਰੋ। ਓਸ ਵਾਹਿਗੁਰੂ ਦਾ ਭਾਣਾ ਹੱਥ ਜੋੜ ਕੇ ਮੰਨੋ। ਜਿਵੇਂ ਇਸ ਬਾਣੀ ਵਿੱਚ ਉਪਦੇਸ਼ ਹੈ। “ਜੋ ਵਰਤਾਏ ਸੋਈ ਭਲ ਮਾਨੈ” ਅੰਜੁਲੀ ਸਿਰਲੇਖ ਬਾਣੀ ਦੇ ਵਿਸ਼ੇ ਅਨੁਸਾਰ ਢੁੱਕਵਾਂ ਹੈ। ਅੰਜੁਲੀ ਅਤੇ ਅੰਜੁਲੀਆਂ ਅਧੀਨ ਆਏ ਸ਼ਬਦਾਂ ਦੇ ਮੂਲ ਪਾਠ ਦੀਆਂ ਕੁਝ ਪੰਗਤੀਆਂ ਹੇਠ ਅਨੁਸਾਰ ਹੈ। ਜੋ ਉਕਤ ਸਿੱਖ ਵੀਚਾਰਧਾਰਾ ਦੀ ਵਿਆਖਿਆ ਕਰਦੀਆਂ ਹਨ।

ਮਾਰੂ ਅੰਜੁਲੀ ਮਹਲਾ ੫ ਘਰੁ ੭ ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ ਪੰਚ ਧਾਤੁ ਕਰਿ ਪੁਤਲਾ ਕੀਆ ॥ ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥ ਜਿਥੈ ਅਗਨਿ ਭਖੈ ਭੜਹਾਰੇ ॥ ਊਰਧ ਮੁਖ ਮਹਾ ਗੁਬਾਰੇ ॥ ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥ ਵਿਚਹੁ ਗਰਭੈ ਨਿਕਲਿ ਆਇਆ ॥ ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥ ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥ ਮਿਹਰਵਾਨਿ ਰਖਿ ਲਇਅਨੁ ਆਪੇ ॥ ਜੀਅ ਜੰਤ ਸਭਿ ਤਿਸ ਕੇ ਥਾਪੇ ॥ ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥ ਅੰਗ - ੧੦੦੭

ਅਰਥਾਤ ਪ੍ਰਮੇਸਰ ਦੇ ਹੁਕਮ ਨਾਲ ਮਨੁੱਖੀ ਦੇਹ ਪ੍ਰਾਪਤ ਹੁੰਦੀ ਹੈ। ਗਰਭ ਅਗਨ ਦੀ ਕੈਦ ਵਿੱਚ ਬੰਦਾ ਸਾਸ ਸਾਸ ਵਾਹਿਗੁਰੂ ਨੂੰ ਯਾਦ ਕਰਦਾ ਹੈ। ਵਾਹਿਗੁਰੂ, ਪੁਠੇ ਲਟਕਦੇ ਨੂੰ ਗਰਭ ਕੈਦ ਤੋਂ ਛਡਵਾਉਂਦਾ ਹੈ। ਭਾਵ ਬੰਦਾ ਜਨਮ ਲੈ ਲੈਂਦਾ ਹੈ। ਜਨਮ ਤੋਂ ਬਾਅਦ ਬੰਦਾ ਰੱਬ ਨੂੰ ਭੁੱਲ ਕੇ ਦੁਨੀਆਂ ਦੀ ਰੌਣਕ ਵਿੱਚ ਡੁੱਬ ਜਾਂਦਾ ਹੈ। ਰੱਬ ਨੂੰ ਵਿਸਾਰ ਦਿੰਦਾ ਹੈ। ਜਿਸ ਦੇ ਨਤੀਜੇ ਵੱਜੋਂ ਉਹ 84 ਲੱਖ ਜੂਨ ਵਿੱਚ ਭਟਕਦਾ ਹੈ। ਜੰਮਣ ਮਰਨ ਦਾ ਦੁੱਖ ਭੋਗਦਾ ਹੈ। ਜਿਹੜੇ ਬੰਦੇ ਮਨੁੱਖੀ ਦੇਹ ਵਿੱਚ ਰੱਬ ਦਾ ਸਿਮਰਨ ਕਰਦੇ ਹਨ। ਉਨ੍ਹਾਂ ਦੀ ਰੱਖਿਆ ਮਿਹਰਵਾਨ ਵਾਹਿਗੁਰੂ ਆਪ ਕਰਦਾ ਹੈ। ਉਹ ਬੰਦੇ ਜਨਮ ਦੀ ਬਾਜੀ ਜਿੱਤ ਲੈਂਦੇ ਹੈ। ਭਾਵ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਜੀ ਇਸ ਅੰਜੁਲੀ ਕਾਵਿ ਰੂਪ ਬਾਣੀ ਵਿੱਚ ਸਮਝਾਉਂਦੇ ਹਨ। ਬੰਦੇ ਨੂੰ ਹਮੇਸ਼ਾ ਪ੍ਰਮੇਸਰ ਅੱਗੇ ਹੱਥ ਜੋੜ ਅੰਜੁਲੀ ਕਰਦੇ ਰਹਿਣਾ ਚਾਹੀਦਾ ਹੈ।

ਦੂਜੀ ਅੰਜੁਲੀਆ ਕਾਵਿ ਰੂਪ ਬਾਣੀ ਵਿੱਚ ਗੁਰੂ ਜੀ ਆਖਦੇ ਹਨ। ਦੁਨੀਆਂ ਦਾ ਮਨੁੱਖ ਕੋਈ ਜ਼ਿਆਦਾ ਦੌਲਤ ਕਰਕੇ, ਕੋਈ ਦੌਲਤ ਘਾਟ ਕਰਕੇ, ਕੋਈ ਰਾਜ ਭਾਗ ਦੇ ਨਰਕ ਲਈ ਚਿੰਤਤ ਹੈ। ਕੋਈ ਅਗਿਆਨਤਾ ਦੀ ਨੀਂਦ ਕਾਰਨ ਭਰਮ ਜਾਲ ਵਿੱਚ ਫਸਿਆ ਹੈ। ਕੋਈ ਕਰਮ ਕਾਂਡਾਂ ਦੇ ਬੰਧਨ ਵਿੱਚ ਜਕੜਿਆ ਹੈ। ਜੇ ਕਰਮ ਕਾਂਡ ਨਹੀਂ ਕਰਦਾ ਤਾਂ ਲੋਕ ਨਿੰਦ ਦੇ ਹਨ। ਸੰਸਾਰ ਦੁਬਿਧਾ ਤੇ ਛੰਕਿਆ ਨਾਲ ਭਰਿਆ ਪਿਆ ਹੈ। ਇਨ੍ਹਾਂ ਉਲਝਣਾਂ ਵਿੱਚ ਫਸਿਆ ਮਨੁੱਖ 84 ਲੱਖ ਜੂਨ ਵਿੱਚ ਭਟਕਦਾ ਰਹਿੰਦਾ ਹੈ। ਇਸ ਮਾਇਆ ਜਾਲ ਤੋ ਤੋਂ ਗੁਰੂ ਬਿਨਾ ਮੁਕਤੀ ਨਹੀਂ ਹੈ। ਜੋ ਮਨੁੱਖ ਰੱਬੀ ਵਰਤਾਰੇ ਦੇ ਭਾਣੇ ਨੂੰ ਭਲਾ ਕਰਕੇ ਮੰਨ ਲੈਂਦਾ ਹੈ। ਉਹ ਰੱਬੀ ਹੁਕਮ ਨੂੰ ਬੁਝ ਲੈਂਦਾ ਹੈ। ਜਿਸ ਨਾਲ ਦੁਰਮਤ ਦਾ ਨਾਸ ਹੋ ਜਾਂਦਾ ਹੈ। ਬੰਦਾ ਅਜਿਹਾ ਹੋਣ ਲਈ ਪ੍ਰਮੇਸਰ ਅੱਗੇ ਅਰਦਾਸ ਕਰ ਸਕਦਾ ਹੈ। ਭਾਵ ਹੱਥ ਜੋੜ ਸਕਦਾ ਹੈ। ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਵੋ ਕਿ ਵਾਹਿਗੁਰੂ ਅੱਗੇ ਅੰਜੁਲੀਆਂ ਕਰ ਸਕਦਾ ਹੈ। ਹੋਣਾ ਉਹੀ ਹੈ ਜਿਸ ਤੇ ਅਕਾਲ ਪੁਰਖ ਦੀ ਮਿਹਰ ਹੋਵੇਗੀ। ਇਸ ਲਈ ਸਦੀਵੀ ਸੁੱਖਾਂ ਦੇ ਦਾਤੇ ਅੱਗੇ ਹੱਥ ਜੋੜ, ਮਨ ਭੇਟ ਕਰ ਅੰਜੁਲੀਆਂ ਕਰਦੇ ਰਹੋ। ਇਸ ਤਰ੍ਹਾਂ ਸਿੱਖੀ ਦੀ ਅਰਦਾਸ ਪ੍ਰੰਪਰਾ ਨੂੰ ਅੰਜੁਲੀ / ਅੰਜੁਲੀਆਂ ਨਾਮੀ ਬਾਣੀ ਵਿੱਚ ਦ੍ਰਿੜ ਕਰਵਾਇਆ ਗਿਆ ਹੈ। ਸਿੱਖ ਦੀ ਅਰਦਾਸ ਅੰਜੁਲੀਆਂ ਹਨ।


25 views0 comments

Recent Posts

See All