ਆਰਤਾ ਸਿਰਲੇਖ ਅਧਿਐਨ

Updated: Jan 18


ਆਰਤਾ ਸਿਰਲੇਖ ਅਧਿਐਨ

ਆਰਤਾ ਕਿਸੇ ਬਾਣੀ ਦਾ ਸਿਰਲੇਖ ਜਾਂ ਸੰਪਾਦਕੀ ਸੂਚਨਾ ਨਹੀਂ ਹੈ। ਭਗਤ ਧੰਨਾ ਜੀ ਨੇ ਇਸ ਸਬਦ ਦੀ ਵਰਤੋਂ ਅਪਣੀ ਬਾਣੀ ਵਿੱਚ ਹੇਠ ਲਿਖੀ ਤੁਕ ਵਿੱਚ ਕੀਤੀ ਹੈ।

ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ॥ ਅੰਗ - ੬੯੫

ਭਾਈ ਕਾਨ੍ਹ ਸਿੰਘ ਨਾਭਾ ਜੀ ਮਹਾਨ ਕੋਸ਼ ਵਿੱਚ ਆਰਤਾ ਸਬਦ ਦੇ ਅਰਥ ਜਾਚਕ, ਦੀਨ, ਮੰਗਤਾ ਕਰਦੇ ਹਨ। ਉਹ ਅਪਣੇ ਅਰਥਾਂ ਦੀ ਪੁਸ਼ਟੀ ਲਈ ਹੇਠਲੀ ਗੁਰਬਾਣੀ ਤੁਕ ਦਾ ਹਵਾਲਾ ਵੀ ਦਿੰਦੇ ਹਨ।

ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ॥ ਗਉੜੀ ਮਹਲਾ ੫ - ੨੦੩

ਅਰਥਾਤ ਹੇ ਪ੍ਰਭੂ ! ਮੇਰੇ ਕੰਨ ਵਿੱਚ ਤੇਰੀ ਸਿਫ਼ਤ - ਸਾਲਾਹ ਸੁਣਨ ਦੀ ਸੂਝ ਨਹੀਂ ਹੈ। ਮੇਰੀਆਂ ਅੱਖਾਂ ਅਜੇਹੀਆਂ ਸੋਹਣੀਆਂ ਨਹੀਂ ਕਿ ਹਰ ਥਾਂ ਤੇਰਾ ਦੀਦਾਰ ਕਰ ਸਕਦੀਆਂ ਹੋਣ। ਮੈਂ ਤੇਰੀ ਸਾਧ ਸੰਗਤਿ ਵਿੱਚ ਜਾਣ ਜੋਗਾ ਨਹੀਂ ਹਾਂ। ਮੈਂ ਪਿੰਗਲਾ ਹੋ ਚੁੱਕਾ ਹਾਂ ਤੇ ਦੁੱਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ। ਮੈਨੂੰ ਵਿਕਾਰਾਂ ਦੇ ਟੋਏ ਵਿੱਚੋਂ ਬਚਾ ਲੈ। ਅਜਿਹੀ ਭਾਵਨਾ ਵਾਲੇ ਮਨੁੱਖ ਨੂੰ ਆਰਤਾ ਕਿਹਾ ਜਾਂਦਾ ਹੈ। ਆਰਤਾ ਦੇ ਇਨ੍ਹਾਂ ਅਰਥਾਂ ਦੇ ਹਵਾਲੇ ਵਿੱਚ ਭਗਤ ਧੰਨਾ ਜੀ ਦੇ ਸਬਦ ਦੀਆਂ ਪਹਿਲੀਆਂ ਰਹਾਉ ਵਾਲੀਆਂ ਦੋ ਤੁਕਾਂ ਦੇ ਅਰਥ ਬਣਦੇ ਹਨ। “ਹੇ ਵਾਹਿਗੁਰੂ (ਗੋਪਾਲ) ਮੈਂ ਤੇਰੇ ਦਰ ਦਾ ਭਿਖਾਰੀ ਹਾਂ। ਜਾਚਕ ਹਾਂ। ਦੁਖਿਆਰਾ ਹਾਂ। ਮੈਂ ਜਾਣਦਾ ਹਾਂ ਕਿ ਬੰਦੇ ਤੇਰੀ ਭਗਤੀ ਕਰਦੇ ਹਨ। ਤੂੰ ਉਨ੍ਹਾਂ ਦੇ ਕਾਜ ਸਵਾਰ ਦਿੰਦਾ ਏਂ। ਪੂਰਾ ਸਬਦ ਅਤੇ ਅਰਥ ਹੇਠ ਦਿੱਤੇ ਗਏ ਹਨ।

ਧੰਨਾ॥ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ਰਹਾਉ॥ ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥ ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀ ਕਾ॥੧॥ ਗਉ ਭੈਸ ਮਗਉ ਲਾਵੇਰੀ॥ ਇਕ ਤਾਜਨਿ ਤੁਰੀ ਚੰਗੇਰੀ॥ ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥

ਸਬਦ ਦੀ ਰਹਾਉ ਵਾਲੀ ਤੁਕ ਤੋਂ ਅਗਲੀਆਂ ਪੰਗਤੀਆਂ ਵਿੱਚ ਭਗਤ ਜੀ ਨੇ ਅਪਣੀਆਂ ਮੰਗਾਂ ਵਾਹਿਗੁਰੂ ਅੱਗੇ ਰੱਖੀਆਂ ਹਨ। ਜਿਸ ਵਿੱਚ ਲਿਖਿਆ ਹੈ ਖਾਣ ਪੀਣ ਲਈ ਘੀ, ਦਾਲ, ਪੈਰਾ ਲਈ ਜੁੱਤੀ, ਵਧੀਆ ਅਨਾਜ, ਦੁੱਧ ਲਈ ਗਾਂ ਅਤੇ ਮੱਝ, ਇਕ ਅਰਬੀ ਘੋੜੀ, ਘਰ ਦੀ ਮਾਲਕਣ ਵੀ ਚੰਗੀ ਅਕਲਮੰਦ ਚਾਹੀਦਾ ਹੈ। ਧੰਨਾ ਆਪ ਜੀ ਤੋਂ ਮੰਗ ਕਰਦਾ ਹੈ। ਇਸ ਤਰ੍ਹਾਂ ਸਮੁੱਚੇ ਸਬਦ ਦੇ ਭਾਵ ਅਰਥਾਂ ਅਨੁਸਾਰ ਆਰਤਾ ਸਬਦ ਦੇ ਅਰਥ ਜਾਚਕ, ਮੰਗਤਾ ਢੁੱਕਵੇਂ ਹਨ।

ਆਰਤਾ ਸਬਦ ਸੰਬੰਧੀ ਇਕ ਰੌਚਿਕ ਕਹਾਣੀ ਵੀ ਪ੍ਰਚਲਿਤ ਹੈ। ਕਹਾਣੀ ਅਨੁਸਾਰ ਇਕ ਵਾਰ ਰੱਬ ਜੀ ਪ੍ਰਗਟ ਹੋ ਕੇ ਭਗਤ ਧੰਨਾ ਜੀ ਨੂੰ ਕਹਿਣ ਲੱਗੇ, ਕਿ ਹੋਰ ਭਗਤਾਂ ਨੇ ਮੇਰੀ ਆਰਤੀ ਉਚਾਰਨ ਕੀਤੀ ਹੈ। ਤੂੰ ਵੀ ਆਰਤੀ ਉਚਾਰਨ ਕਰ। ਭਗਤ ਜੀ ਨੇ ਉੱਤਰ ਦਿੱਤਾ ਮੈਂ ਹਾਂ ਸਿੱਧਾ-ਸਾਦਾ, ਭੋਲਾ-ਭਾਲਾ ਜੱਟ, ਮੈਂ ਆਰਤੀ ਨਹੀਂ ਤੇਰਾ ਆਰਤਾ ਉਚਾਰਾਂਗਾ। ਫਿਰ ਭਗਤ ਜੀ ਨੇ ਆਰਤਾ ਉਚਾਰਨ ਕੀਤਾ। ਭਗਤ ਧੰਨਾ ਜੀ ਦੇ ਸਬਦ ਦਾ ਸਿਰਲੇਖ ਆਰਤਾ ਨਹੀਂ ਹੈ। ਦੂਜਾ ਜਦੋਂ ਇਹ ਸਬਦ ਉਚਾਰਨ ਹੋਇਆ ਉਦੋਂ ਨਾ ਖਾਲਸਾ ਪ੍ਰਗਟ ਹੋਇਆ ਸੀ। ਨਾ ਹੀ ਖਾਲਸੇ ਦੇ ਬੋਲੇ ਹੋਂਦ ਵਿੱਚ ਆਏ ਸਨ। ਇਸ ਲਈ ਪਹਿਲੇ ਪਹਿਰੇ ਵਿੱਚ ਆਰਤਾ ਦੇ ਦਿੱਤੇ ਅਰਥ ਜਾਚਕ, ਮੰਗਤਾ ਦਰੁੱਸਤ ਹਨ।

54 views0 comments