ਆਰਤੀ ਸਿਰਲੇਖ ਅਧਿਐਨ

Updated: Oct 16, 2021


ਹਿੰਦੂ ਮੱਤ ਅੰਦਰ ਇਕ ਥਾਲ ਵਿੱਚ ਇਕ ਤੋਂ 100 ਤੱਕ ਦੀਵੇ ਬਾਲ ਕੇ ਆਪਣੇ ਇਸਟ ਦੇਵਤੇ ਦੀ ਮੂਰਤ ਅੱਗੇ ਘੁੰਮਾਉਣ ਦੀ ਕ੍ਰਿਆ ਨੂੰ ਆਰਤੀ ਅਰਥਾਤ ਆਰਤੀ ਕਰਨਾ ਕਿਹਾ ਜਾਂਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਹਿੱਤ ਉੜੀਸਾ ਸੂਬੇ ਵਿੱਚ ਦੌਰੇ ਉਤੇ ਸਨ। ਇਕ ਦਿਨ ਜਗਨਨਾਥ ਪੁਰੀ ਚਲੇ ਗਏ। ਗੁਰੂ ਜੀ ਮੁੱਖ ਮੰਦਰ ਦੇ ਸਾਹਮਣੇ ਮੰਗੂ ਮੱਠਵਾਲੀ ਥਾਂ ਉੱਤੇ ਬੈਠ ਗਏ। ( ਇਸ ਥਾਂ ਉਤੇ ਬਣੇ ਗੁਰੂਦੁਆਰਾ ਸਾਹਿਬ ਨੂੰ 2019ਈ. ਵਿੱਚ ਉੜੀਸ ਦੀ ਸਰਕਾਰ ਨੇ ਢਾਹ ਦਿੱਤਾ ਹੈ) ।

ਜਦੋਂ ਮੰਦਰ ਵਿੱਚ ਆਰਤੀ ਸ਼ੁਰੂ ਹੋਈ। ਉਦੋਂ ਗੁਰੂ ਜੀ ਮੰਦਰ ਦੀ ਪ੍ਰਕਰਮਾ ਵਿੱਚ ਬੈਠੇ ਸਨ। ਉੱਥੇ ਆਰਤੀ ਹੋ ਰਹੀ ਸੀ। ਪਰ ਗੁਰੂ ਜੀ ਆਰਤੀ ਵਿੱਚ ਖੜੇ ਨਾ ਹੋਏ। ਉਥੋਂ ਦੇ ਪੁਜਾਰੀ ਬ੍ਰਹਿਮਣ ਬਹੁਤ ਗੁੱਸੇ ਵਿੱਚ ਆ ਕੇ ਗੁਰੂ ਜੀ ਨਾਲ ਤਕਰਾਰ ਕਰਨ ਲੱਗ ਪਏ। ਉਨ੍ਹਾਂ ਆਖਿਆ ਤੁਸੀਂ ਨਾਸਤਿਕ ਜਾਪਦੇ ਹੋ। ਗੁਰੂ ਜੀ ਨੇ ਉਨ੍ਹਾਂ ਦੇ ਰੁੱਖੇ ਬੋਲ ਸੁਣ ਕੇ ਅਪਣਾ ਪੱਖ ਆਰਤੀ ਨਾਮ ਦੀ ਬਾਣੀ ਵਿੱਚ ਰੱਖਿਆ। ਜਿਸ ਬਾਣੀ ਦੇ ਸਿਰਲੇਖ ਅਤੇ ਸਬੰਦ ਦਾ ਕੁਝ ਮੂਲ ਪਾਠ ਇਸ ਤਰ੍ਹਾਂ ਹੈ:-

ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥੧॥ਰਹਾਉ॥ ( ਅੰਗ ੬੬੩ )

ਉਕਤ ਸਬਦ ਦੀ ਰਹਾਉ ਵਾਲੀ ਅਤੇ ਮੁੱਢਲੀਆਂ ਪੰਗਤੀਆਂ ਵਿੱਚ ਇਸ ਬਾਣੀ ਦਾ ਕੇਂਦਰੀ ਭਾਵ ਦਿੱਤਾ ਗਿਆ ਹੈ। ਜੋ ਸਿੱਖਾਂ ਦੀ ਆਰਤੀ ਦੀ ਰੂਪ ਰੇਖਾ ਸਪਸ਼ਟ ਕਰ ਦਿੰਦਾ ਹੈ। ਸਮੁੱਚੇ ਵਿਸ਼ੇ ਨੂੰ ਨਿਖਾਰ ਦਿੰਦਾ ਹੈ। ਅਕਾਲ ਪੁਰਖ ਦੀ ਹੁੰਦੀ ਸਵੈ ਕੁਦਰਤੀ ਆਰਤੀ ਦਾ ਗਿਆਨ ਕਰਵਾਉਂਦਾ ਹੈ। ਉਕਤ ਪੰਗਤੀਆਂ ਦੇ ਭਾਵ ਅਰਥ ਹਨ। ਸਾਰਾ ਆਕਾਸ਼ ਮਾਨੋ ਥਾਲ ਹੈ। ਸੂਰਜ ਤੇ ਚੰਦ ਇਸ ਥਾਲ ਵਿੱਚ ਦੀਵੇ ਬਣੇ ਹਨ। ਤਾਰਿਆਂ ਦਾ ਸਮੂਹ, ਥਾਲ ਵਿੱਚ ਮੋਤੀ ਰੱਖੇ ਹੋਏ ਹਨ। ਹਮਾਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ ਧੁਖਾ ਰਹੀ ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ - ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ ਪ੍ਰਭੂ ! ਕੁਦਰਤਿ ਵਿੱਚ ਤੇਰੀ ਸੁੰਦਰ ਆਰਤੀ ਹੋ ਰਹੀ ਹੈ। ਸਭ ਜੀਵਾਂ ਵਿੱਚ ਰੁਮਕ ਰਹੀ ਇਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।

ਗੁਰੂ ਸਾਹਿਬਾਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਉਤੇ ਦਰਜ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਆਰਤੀ ਮਈ ਸਬਦ ਹੈ। ਜਿਸ ਦੀ ਰਹਾਉ ਵਾਲੀ ਪੰਗਤੀ ਵਿੱਚ ਉਹ ਕੇਂਦਰੀ ਭਾਵ ਦਿੰਦਾ ਹੋਏ ਸਮਝਾਉਂਦੇ ਹਨ। ਹੇ ਪ੍ਰਭੂ ਤੇਰਾ ਨਾਮ ਹੀ ਮੇਰੇ ਲਈ ਆਰਤੀ ਹੈ। ਤੀਰਥਾਂ ਦਾ ਇਸ਼ਨਾਨ ਹੈ। ਹਰੀ ਦੇ ਨਾਮ ਤੋਂ ਬਿਨ੍ਹਾਂ ਹੋਰ ਕਰਮ ਅਡੰਬਰ ਹਨ। ਮੂਲ ਪਾਠ ਦੀਆਂ ਕੁਝ ਪੰਗਤੀਆਂ ਹੇਠ ਦਿੱਤੀਆਂ ਹਨ।

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥੧॥ਰਹਾਉ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥

ਉਕਤ ਸਬਦ ਵਿੱਚ ਕਿਹਾ ਗਿਆ ਹੈ। ਨਾਮ ਹੀ ਆਸਨੋ, ਉਰਲਾ, ਕੇਸਰ, ਚੰਦਨ, ਦੀਵੇ, ਜੋਤ, ਫੁੱਲਾਂ ਦੀ ਮਾਲਾਂ ਹੈ। ਰਹਾਉ ਦੀ ਪੰਗਤੀ ਦਾ ਵੀਚਾਰ ਅੰਤਮ ਤੁਕ ਵਿੱਚ ਫਿਰ ਦ੍ਰਿੜ ਕਰਵਉਂਦੇ ਹਨ। ਹੋ ਰਵਿਦਾਸ! ਤੇਰਾ ਨਾਮ ਹੀ ਆਰਤੀ ਹੈ। ਸਤਿਨਾਮ ਦਾ ਭੋਗ ਹੀ ਪ੍ਰਭੂ ਨੂੰ ਲਗਾਉਂਦਾ ਹਾਂ। ਇਸੇ ਤਰ੍ਹਾਂ ਦੂਜੇ ਭਗਤਾਂ ਦੀ ਉਚਾਰਨ ਕੀਤੀ ਆਰਤੀ ਵਿੱਚ ਵੀ ਸਿੱਖ ਮੱਤ ਦਾ ਗਿਆਨ ਦਿੱਤਾ ਗਿਆ ਹੈ। ਕਿਧਰੇ ਦੀਵੇ ਬਾਲ ਆਰਤੀ ਕਰਨ ਦਾ ਉਪਦੇਸ਼ ਨਹੀਂ ਹੈ। ਨਾਂ ਹੀ ਸਿੱਖ ਮਰਯਾਦਾ ਹੈ। ਭਗਤਾਂ ਨੇ ਸਿੱਖ ਮੱਤ ਦੇ ਵੱਖਰੇ ਅਤੇ ਈਸਵਰਵਾਦੀ ਆਰਤੀ ਸਿਧਾਂਤ ਦੀ ਪ੍ਰੋੜਤਾ ਕੀਤੀ ਹੈ। ਗੁਰੂਦੁਆਰੇ ਅੰਦਰ ਦੀਵੇ ਬਾਲ ਕੇ ਆਰਤੀ ਕਰਨਾ ਸਿੱਖ ਰਹਿਤ ਮਰਯਾਦਾ ਦੀ ਉਲ਼ੰਘਣਾ ਹੈ। ਮਨਮੱਤ ਹੈ। ਅਗਿਆਨਤਾ ਦੀ ਹੱਦ ਹੈ। ਕਿਉਂ ਕਿ ਜੋ ਗੁਰਬਾਣੀ ਉਦੋਂ ਪੜ੍ਹੀ ਜਾਂ ਰਹੀ ਹੁੰਦੀ ਹੈ। ਉਸ ਵਿੱਚ ਦੀਵਿਆਂ ਦਾ ਖੰਡਨ ਅਤੇ ਕੁਦਰਤੀ ਆਰਤੀ ਦਾ ਮੰਡਨ ਹੋ ਰਿਹਾ ਹੁੰਦਾ ਹੈ। ਹੁਣ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੋਜ਼ਾਨਾ ਸ਼ਾਮ ਰਹਿਰਾਸ ਸਾਹਿਬ, ਅਰਦਾਸ ਅਤੇ ਹੁਕਮਨਾਮੇ ਮਗਰੋਂ ਆਰਤੀ ਕੀਤੀ ਜਾਂਦੀ ਹੈ। ਉਸ ਸਮੇਂ ਕੋਈ ਦੀਵੇ ਨਹੀਂ ਬਾਲੇ ਜਾਂਦੇ ਹਨ। ਕੇਵਲ ਸ਼ਬਦਾਂ ਦਾ ਕੀਰਤਨ ਹੁੰਦਾ ਹੈ।

ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ, ਸਵਾ ਪਹਿਰ ਦਿਨ ਚੜ੍ਹੇ ਦੀ ਸ਼ਬਦ ਚੌਂਕੀ ਨੂੰ ਚਰਨ ਕਮਲ / ਬਿਲਾਵਲ ਤੇ ਆਰਤੀ ਦੀ ਚੌਂਕੀ ਕਿਹਾ ਜਾਂਦਾ ਹੈ। ਕਿਉਂ ਕਿ ਇਸ ਵਿੱਚ ਰਾਗੁ ਬਿਲਾਵਲ ਦੇ ਸ਼ਬਦ “ਚਰਨ ਕਮਲ ਪ੍ਰਭੂ ਹਿਰਦੈ ਧਿਆਏ” ਦਾ ਕੀਰਤਨ ਕੀਤਾ ਜਾਂਦਾ ਹੈ। ਭੋਗ ਆਰਤੀ ਦੇ ਸ਼ਬਦ “ਗਗਨ ਮੈ ਥਾਲੁ…..” ਦਾ ਕੀਰਤਨ ਕਰਕੇ ਪਾਇਆ ਜਾਂਦਾ ਹੈ। ਪਰ ਦੀਵੇ ਨਹੀਂ ਬਾਲੇ ਜਾਂਦੇ ਹਨ। ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਹਨ।

“ਸਵਾ ਪਹਿਰ ਦਿਨ ਚੜ੍ਹੇ ਉਪਰੰਤ ਕੀਰਤਨ ਹੋਵੇ ਅਤੇ ਫਿਰ ਆਰਤੀ ਪੜ੍ਹੀਏ” ਭਾਵ ਕੀਰਤਨ ਕਰਨਾ ਹੈ। ਜਾਂ ਆਰਤੀ ਸ਼ਬਦ ਪੜ੍ਹਨੇ ਹਨ। ਦੀਵੇ ਬਾਲ ਕੇ ਆਰਤੀ ਕਰਨ ਦੀ ਸਿੱਖ ਧਰਮ ਵਿੱਚ ਕੋਈ ਮਰਯਾਦਾ ਜਾਂ ਪ੍ਰੰਪਰਾ ਨਹੀਂ ਹੈ।

60 views0 comments