ਅਸਟਪਦੀ ਸਿਰਲੇਖ ਅਧਿਐਨ

Updated: Oct 8, 2021( ਲੇਖਕ : ਗਿ. ਸਵਰਨ ਸਿੰਘ ਢੰਗਰਾਲੀ )


ਉਹ ਕਾਵਿ ਜਿਸ ਵਿੱਚ 8 ਪਦ ਹੋਣ ਉਸ ਨੂੰ ਅਸਟਪਦੀ ਕਿਹਾ ਜਾਂਦਾ ਹੈ। ਅਸਟ ਤੋਂ ਭਾਵ 8 ਅਤੇ ਪਦ ਤੋਂ ਭਾਵ ਤੁਕਾਂ ਦਾ ਜੁਟ ( ਪੈਰ੍ਹਾ ) ਜਿਨ੍ਹਾਂ ਮਗਰੋਂ ਗਿਣਤੀ ਅੰਕ 1-2 ਆਦਿ ਦਰਜ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਾਵਿ ਰੂਪ ਦੀ ਕਈ ਥਾਂ ਵਰਤੋਂ ਕੀਤੀ ਗਈ ਹੈ। ਕਈ ਥਾਂਵਾਂ ਉੱਤੇ ਪਦਾਂ ਦੀ ਗਿਣਤੀ 8 ਤੋਂ ਘੱਟ ਜਾਂ ਵੱਧ ਵੀ ਦੇਖਣ ਨੂੰ ਮਿਲਦੀ ਹੈ। ਜਿਵੇਂ ਅੰਗ 53 ਉੱਤੇ 7 ਪਦੇ ਦੀ ਅਤੇ ਅੰਗ 60 ਉੱਤੇ 10 ਪਦੇ ਦੀ ਅਸਟਪਦੀ ਹੈ। ਇਸ ਕਾਵਿ ਅਧੀਨ ਕਈ ਛੰਦ ਵਰਤੇ ਗਏ ਹਨ। ਸੁਖਮਨੀ ਸਾਹਿਬ ਵਿੱਚ “ਚੌਪਈ” ਛੰਦ ਵਰਤਿਆ ਗਿਆ ਹੈ। ਮਾਰੂ ਰਾਗੁ ਮ : ੧ ਅਸਟਪਦੀਆ ਸਿਰਲੇਖ ਅਧੀਨ ‘ਨਿਸ਼ਾਨੀ’ ਅਤੇ ‘ਸਾਰ’ ਛੰਦ ਦੀ ਵਰਤੋਂ ਕੀਤੀ ਗਈ ਹੈ। ਕਈ ਥਾਂਵਾਂ ਉੱਤੇ ਅਸਟਪਦੀਆਂ ਸਬੰਧੀ ਵਿਸ਼ੇਸ ਜਾਣਕਾਰੀ ਵੀ ਸੰਪਾਦਕੀ ਸੰਕੇਤਾਂ ਵਿੱਚ ਦਿੱਤੀ ਗਈ ਹੈ। ਜਿਵੇਂ ਕਿ ਅੰਗ 64 ਉੱਤੇ ਸੂਚਨਾ ਦਰਜ ਹੈ।


ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥੮॥੧੭॥ ਮਹਲੇ ਪਹਿਲੇ ਸਤਾਰਹ ਅਸਟਪਦੀਆ॥

ਇਸ ਦੇ ਅਰਥ ਤਾਂ ਸਾਫ ਹਨ ਕਿ ਇੱਥੇ ਤੱਕ ਕੁਲ 17 ਅਸਟਪਦੀਆਂ ਹਨ। ਸਵਾਲ ਇਹ ਹੈ। ਜਦੋਂ ਅੰਕਾਂ ਵਿੱਚ 17 ਲਿਖ ਦਿੱਤਾ ਗਿਆ ਸੀ। ਫਿਰ ਸ਼ਬਦਾਂ ਵਿੱਚ ਵਿਸ਼ੇਸ ਲਿਖਣ ਦੀ ਕਿ ਜ਼ਰੂਰਤ ਸੀ? ਜਿਸ ਬਾਣੀ ਦੇ ਅੰਤ ਇਹ ਲਿਖਿਆ ਹੈ। ਉਸ ਦਾ ਸਿਰਲੇਖ ਹੈ।

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ॥ ਅੰਗ - ੫੩

ਜਿਸ ਅਸਟਪਦੀ ਦੇ ਅੰਤ ਇਹ ਸੰਪਾਦਕੀ ਸੂਚਨਾ ਦਿੱਤੀ ਗਈ ਹੈ। ਉਸ ਦਾ ਸਿਰਲੇਖ ਹੈ।

ਸਿਰੀਰਾਗੁ ਮਹਲਾ ੧ ਘਰੁ ੨॥ ਅੰਗ - ੬੪

ਦੋਹਾਂ ਸਿਰਲੇਖਾਂ ਵਿੱਚ ਧਿਆਨ ਨਾਲ ਫਰਕ ਦੇਖੋ। ਹੇਠਲਾ ਸਿਰਲੇਖ ਅੰਤਲੀ 17 ਵੀਂ ਅਸਟਪਦੀ ਦਾ ਹੈ, ਉਸ ਵਿੱਚ ਘਰੁ ਦੂਜਾ ਦਿੱਤਾ ਹੈ। ਮੁੱਖ ਸਿਰਲੇਖ ਵਿੱਚ ਘਰੁ ਪਹਿਲਾ ਦਿੱਤਾ ਹੈ। ਜਿਸ ਅਧੀਨ 16 ਅਸਟਪਦੀਆਂ ਹਨ। 17 ਵੀਂ ਅਸਟਪਦੀ ਘਰੁ ਦੂਜੇ ਦੀ ਹੈ। ਪਰ ਪਹਿਲੇ ਗੁਰੂ ਜੀ ਦੀ ਹੀ ਹੈ। ਸੋ ਕਿਸੇ ਭੁਲੇਖੇ ਤੋਂ ਬਚਣ ਲਈ ਸੰਪਾਦਨੀ ਸੂਚਨਾ ਦਿੱਤੀ ਗਈ ਹੈ ਕਿ ਇਕੋ ਗੁਰੂ ਦੀਆਂ 17 ਅਸਟਪਦੀਆਂ ਹਨ।


ਇਸੇ ਤਰ੍ਹਾਂ ਅੰਗ ੨੨੮ ਉੱਤੇ ਵੀ ਲਿਖਿਆਂ ਹੈ। ”ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ॥”

ਭਾਵ ਗੁਆਰੇਰੀ ਗਉੜੀ ਰਾਗ ਦੀਆਂ 16 ਅਸਟਪਦੀਆਂ ਹਨ। ਜਿਸ ਬਾਣੀ ਦੇ ਅੰਤ ਵਿੱਚ ਉਪਰਲਾ ਵਾਕ ਲਿਖਿਆ ਹੈ। ਉਸ ਦਾ ਸਿਰਲੇਖ ਹੈ।

“ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ”

ਇਸ ਬਾਣੀ ਦੀ ਦੂਜੀ, ਤੀਜੀ ਅਤੇ ਚੌਥੀ ਅਸਟਪਦੀ ਦਾ ਸਿਰਲੇਖ ਗਉੜੀ ਗੁਆਰੇਰੀ ਮਹਲਾ ੧॥ ਦਿੱਤਾ ਗਿਆ ਹੈ। ਭਾਵ ਪਹਿਲੀਆਂ 4 ਅਸਟਪਦੀਆਂ ਨੂੰ ਗਉੜੀ ਗੁਆਰੇਰੀ ਵਿੱਚ ਗਾਉਣਾਂ ਹੈ। ਬਾਕੀ 12 ਅਸਟਪਦੀਆਂ ਦਾ ਸਿਰਲੇਖ “ਗਉੜੀ ਮਹਲਾ ੧॥” ਹੈ। ਉਨ੍ਹਾਂ ਨੂੰ ਕੇਵਲ ਗਉੜੀ ਰਾਗੁ ਵਿੱਚ ਗਾਉਣਾ ਹੈ। ਇਸ ਤਰ੍ਹਾਂ ਮੁੱਖ ਸਿਰਲੇਖ ਅਤੇ ਦੂਜੇ ਅਧੀਨ ਆਏ ਉਪ ਸਿਰਲੇਖਾਂ ਦੀਆਂ ਮਿਲਾਕੇ, ਮਹਲਾ ੧ ਦੀਆਂ ਕੁਲ 16 ਅਸਟਪਦੀਆਂ ਹਨ।

51 views0 comments