ਸਿੱਖ ਧਰਮ ਬਾਰੇ ਸੰਖੇਪ ਜਾਣਕਾਰੀ

Updated: Oct 16, 2021


* ਸਿੱਖ ਧਰਮ ਕੀ ਹੈ?

ਪੰਦਰਵੀਂ ਸਦੀ ਦੇ ਛੇਵੇਂ ਦਹਾਕੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਤ੍ਰਿਪਤਾ ਜੀ ਦੀ ਕੁੱਖ ‘ਚੋਂ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ), ਜਿਸ ਨੂੰ ਆਪ ਜੀ ਦੇ ਨਾਮ ‘ਤੇ ਨਾਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ 20 ਅਕਤੂਬਰ 1469 ਈ: ਨੂੰ ਪੂਰਨਮਾਸੀ ਵਾਲੇ ਦਿਨ ਪ੍ਰਗਟ ਹੋਏ। ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਸਮੇਂ - ਸਮੇਂ ਦਸ ਜਾਮੇਂ ਧਾਰਨ ਕੀਤੇ। ਦਸਾਂ ਜਾਮਿਆਂ ਅੰਦਰ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਸੰਸਾਰ ਵਿੱਚ ਵਿਚਰ ਕੇ, ਭਰਮਾਂ-ਵਹਿਮਾਂ, ਫੋਕਟ ਕਰਮ ਕਾਂਡਾਂ ਅਤੇ ਕ੍ਰਿਤ ਦੀ ਮਨੌਤ ਅਤੇ ਪੂਜਾ ਤੋਂ ਵਰਜ ਕੇ, ਮਨੁੱਖ ਨੂੰ ਆਰਥਿਕ-ਪ੍ਰਮਾਰਥਿਕ ਜੀਵਨ ਸਫਲਾ ਕਰਨ ਦਾ ਉਪਦੇਸ਼ ਦਿੱਤਾ, ਸਤਿਗਰੂ ਜੀ ਨੇ ਦਸਾਂ ਜਾਮਿਆਂ ਵਿੱਚ ਆਪ ਖੁਦ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਵਿਖਾਇਆ ਅਤੇ ਉਸ ਉਪਦੇਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੰਸਾਰ ਨੂੰ ਪ੍ਰਦਾਨ ਕੀਤਾ। ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਿੱਖ ਧਰਮ ਹੈ।


* ਸਿੱਖ ਕੌਣ ਹੈ?

ਸਿੱਖ ਰਹਿਤ ਮਰਯਾਦਾ ਅਨੁਸਾਰ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਅਤੇ ( ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਉੱਤੇ ਪੂਰਨ ਨਿਸ਼ਚਾ ਰੱਖਦਾ ਹੈ, ਉਹ ਸਿੱਖ ਹੈ।


* ਸਿੱਖ ਦੀ ਨਿੱਤ ਦੀ ਕ੍ਰਿਆ ਕੀ ਹੈ?

ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਰੀਰਕ ਸਵਸ਼ਤਾ ਲਈ ਰੁੱਤ ਅਨੁਸਾਰ ਠੰਢੇ ਜਾਂ ਗਰਮ ਪਾਣੀ ਨਾਲ ਇਸ਼ਨਾਨ ਕਰੇ। ਕੁਝ ਸਮਾਂ ਮੂਲ ਮੰਤਰ ਅਤੇ ਗੁਰਮੰਤ੍ਰ ਦਾ ਜਾਪ ਕਰੇ, ਜਾਪ ਕਰਨ ਉਪ੍ਰੰਤ ਪੰਜਾਂ ਬਾਣੀਆਂ ( ਜਪੁਜੀ ਸਾਹਿਬ, ਜਾਪ ਸਾਹਿਬ, 10 ਸਵਯੇ “ ਸ੍ਰਾਵਗ ਸੁਧ ਸਮੂਹ ਸਿਧਾਨ ਕੇ”, ਚੌਪਈ ਸਾਹਿਬ (ਹਮਰੀ ਕਰੋ ਹਾਥ ਦੈ ਰੱਛਾ), ਅਨੰਦ ਸਾਹਿਬ ਸੰਪੂਰਨ ) ਇਕਾਗਰ ਚਿੱਤ ਹੋ ਕੇ ਪੜ੍ਹੇ। ਫਿਰ ਜਿਵੇਂ - ਜਿਵੇਂ ਪਰਮਾਤਮਾ ਨੇ ਕਿਰਤ ਦੀ ਜ਼ਿੰਮੇਵਾਰੀ ਸਿੱਖ ਨੂੰ ਦਿੱਤੀ ਹੋਈ ਹੈ, ਸਾਰਾ ਦਿਨ ਆਪਣੀਆਂ ਸੰਸਾਰਕ ਡਿਊਟੀਆਂ ਪੂਰੀਆਂ ਕਰਦਿਆਂ ਧਿਆਨ ਪਰਮਾਤਮਾਂਦੇ ਨਾਮ ਵਿੱਚ ਜੋੜ ਕੇ ਰੱਖੇ। ਸ਼ਾਮ ਦੇ ਸਮੇਂ “ ਸੋ ਦਰੁ ਰਹਿਰਾਸਿ ਸਾਹਿਬ ” ਦਾ ਪਾਠ ਕਰੇ ਅਤੇ ਅਰਾਮ ਕਰਨ ਸਮੇਂ “ ਸੋਹਿਲਾ ਸਾਹਿਬ “ ਦਾ ਪਾਠ ਪੜ੍ਹ ਕੇ ਵਾਹਿਗੁਰੂ, ਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਦਾ ਗੁਰੂ ਕਾ ਸਿੱਖ ਅਰਾਮ ਕਰੇ। ਫਾਲਤੂ ਗੱਲਾਂ ਵਿੱਚ ਸਮਾਂ ਬਤੀਤ ਨਾ ਕਰੇ, ਪ੍ਰਭੂ ਸਿਮਰਨ ਕਰ ਕੇ ਸਮੇਂ ਨੂੰ ਸਫਲਾ ਕਰੇ।


* ਸਿੱਖ ਧਰਮ ਦੇ ਮੁੱਖ ਅਸੂਲ ਕਿੰਨੇ ਅਤੇ ਕਿਹੜੇ ਹਨ?

ਸਿੱਖ ਧਰਮ ਦੇ ਤਿੰਨ ਮੁੱਖ ਅਸੂਲ ਹਨ :-

  1. ਕਿਰਤ ਕਰਨੀ

  2. ਨਾਮ ਜੱਪਣਾ

  3. ਵੰਡ ਕੇ ਛਕਣਾ


* ਕੱਚਾ ਗੁਰੂ ਕੌਣ ਹੁੰਦਾ ਹੈ?

ਜੋ ਆਪਣੇ ਨਾਲ ਜੋੜੇ, ਆਪਣੀ ਪੂਜਾ ਕਰਾਵੇ, ਉਹ ਕੱਚਾ ਗੁਰੂ ਹੈ। ਐਸੇ ਕੱਚੇ ਗੁਰੂ ਤੋਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।

“ਕਾਚੇ ਗੁਰ ਤੇ ਮੁਕਤਿ ਨ ਹੂਆ” ਅੰਗ - ੯੩੨

ਪਦਅਰਥ:- ਕਾਚੇ ਗੁਰ ਤੇ - ਕੱਚੇ ਗੁਰੂ ਤੋਂ, ਉਸ ਗੁਰੂ ਤੋਂ ਜਿਸ ਦਾ ਆਪਣਾ ਮਨ ਕੱਚਾ ਹੈ, ਜਿਸ ਦਾ ਮਨ ਮਾਇਆ ਦੇ ਸੱਚੇ ਵਿੱਚ ਢਲ ਜਾਣ ਵਾਲਾ ਹੈ ( ਜਿਵੇਂ ਕੱਚੀ ਮਿੱਟੀ ਚੱਕ ਤੇ ਰੱਖਿਆਂ ਕਈ ਸ਼ਕਲਾਂ ਵਾਲੇ ਭਾਂਡੇ ਬਣਾਏ ਜਾ ਸਕਦੇ ਹਨ )। ਮੁਕਤਿ - ਜੂਨਾਂ ਤੋਂ ਖ਼ਲਾਸੀ ।


* ਗੁਰਦੁਆਰਾ ਸਾਹਿਬ ਕਿਸਨੂੰ ਕਹਿੰਦੇ ਹਨ?

ਗੁਰਦੁਆਰੇ ਦਾ ਅਰਥ ਹੈ ( ਗੁਰੂ ਦਾ ਦਰ ) ਜਿਸ ਅਸਥਾਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਵੇ ਅਤੇ ਨਿਸ਼ਾਨ ਸਾਹਿਬ ਝੂਲਦਾ ਹੋਵੇ , ਉਸ ਸਥਾਨ ਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ।


* ਗੁਰਦੁਆਰਾ ਸਾਹਿਬ ਦਾ ਮਨੋਰਥ ਕੀ ਹੈ?

ਗੁਰਦੁਆਰੇ ਸਿੱਖ ਧਰਮ ਦੇ ਸਕੂਲ ਅਤੇ ਸੋਮੇ ਹਨ, ਜਿੱਥੇ ਗੁਰਸਿੱਖੀ ਦੀ ਸਿਖਲਾਈ ਦੇ ਨਾਲ - ਨਾਲ ਭੁੱਖੇ ਨੂੰ ਪ੍ਰਸ਼ਾਦਾ, ਲੋੜਵੰਦ ਨੂੰ ਰਾਤ ਦਾ ਬਿਸਰਾਮ ਅਤੇ ਆਤਮਾਂ ਦੀ ਤ੍ਰਿਪਤੀ ਲਈ ਬਾਣੀ ਦਾ ਉਪਦੇਸ਼ ਅਤੇ ਪ੍ਰਮਾਤਮਾਂ ਨਾਲ ਜੁੜਨ ਲਈ ਨਾਮ ਸਿਮਰਨ ਦੀ ਦਾਤ ਮਿਲਦੀ ਹੈ।


* ਸਿੱਖ ਧਰਮ ਦੀਆਂ ਰਹਿਤਾਂ ਕਿਹੜੀਆਂ ਹਨ?

ਹਰ ਅੰਮ੍ਰਿਤਧਾਰੀ ਵਾਸਤੇ ਪੰਜ ਕਕਾਰਾਂ ਦੀ ਰਹਿਤ ਰੱਖਣੀ ਅਤੀ ਜ਼ਰੂਰੀ ਹੈ।


ਪੰਜ ਕਕਾਰ ਇਹ ਹਨ :-

ਕੇਸ, ਕੰਘਾ, ਕੜਾ, ਕ੍ਰਿਪਾਨ, ਕਛਹਿਰਾ।


* ਸਿੱਖ ਧਰਮ ਵਿੱਚ ਚਾਰ ਬੱਜਰ ਕੁਰਹਿਤਾਂ ਕਿਹੜੀਆਂ ਹਨ?

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦੀ ਰਹਿਤ ਰੱਖੀ ਹੈ, ਉਹ ਚਾਰ ਬੱਜਰ ਕੁਰਹਿਤਾਂ ਤੋਂ ਸਦਾ ਬਚ ਕੇ ਰਹਿਣ।


ਚਾਰ ਬੱਜਰ ਕੁਰਹਿਤਾਂ ਇਹ ਹਨ :-


  1. ਕੇਸਾਂ ਦੀ ਬੇਅਦਬੀ ਕਰਨੀ।

  2. ਕੁੱਠਾ ( ਮਾਸ ) ਖਾਣਾ।

  3. ਤੰਬਾਕੂ ਦੀ ਵਰਤੋ ਕਰਨੀ।

  4. ਪੁਰਸ਼ ਨੇ ਪਰ-ਇਸਤਰੀ ਨਾਲ ਅਤੇ ਇਸਤ੍ਰੀ ਨੇ ਪਰ-ਪੁਰਸ਼ ਨਾਲ ਸਰੀਰਕ ਸਬੰਧ ਕਰਨਾ।


ਜੋ ਸਿੱਖ ਇਨ੍ਹਾਂ ਬੱਜਰ ਕੁਰਹਿਤਾਂ ਵਿੱਚੋਂ ਇੱਕ ਵੀ ਕਰ ਲਵੇ, ਉਹ ਸਿੱਖ ਨਹੀਂ ਰਹਿੰਦਾ, ਉਸ ਨੂੰ ਪੰਜਾਂ ਪਿਆਰਿਆਂ ਪਾਸੋਂ ਭੁੱਲ ਬਖਸ਼ਾ ਕੇ ਮੁੜ ਅੰਮ੍ਰਿਤ ਛਕਣਾ ਪੈਂਦਾ ਹੈ।


* ਸਿੱਖ ਧਰਮ ਦਾ ਜੈਕਾਰਾ ਕਿਹੜਾ ਹੈ?


ਸਿੱਖ ਧਰਮ ਦਾ ਜੈਕਾਰਾ ਹੈ:-

ਬੋਲੇ ਸੋ ਨਿਹਾਲ,

ਸਤਿ ਸ੍ਰੀ ਅਕਾਲ।


ਜਿਸ ਦਾ ਅਰਥ ਹੈ ਜੋ ਸਭ ਤੋਂ ਸ਼੍ਰੋਮਣੀ ਅਤੇ ਮੌਤ ਤੋਂ ਰਹਿਤ ਸਦੀਵ ਕਾਲ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ ਬੋਲੇਗਾ ਉਹ ਸਦਾ ਲਈ ਅਨੰਦ ਪ੍ਰਸੰਨ ਅਤੇ ਨਿਹਾਲ ਹੋ ਜਾਵੇਗਾ।


* ਸਿੱਖ ਧਰਮ ਦਾ ਮਿਲਣ ਸਮੇਂ ਬੋਲਾ ਕਿਹੜਾ ਹੈ?

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ ਜਿਸ ਦਾ ਭਾਵ ਹੈ ਖ਼ਾਲਸਾ ਵਾਹਿਗੁਰੂ ਜੀ ਦਾ ਹੈ ਅਤੇ ਖ਼ਾਲਸੇ ਨੂੰ ਫ਼ਤਹਿ ਪ੍ਰਾਪਤ ਹੁੰਦੀ ਹੈ ਉਹ ਵੀ ਵਾਹਿਗੁਰੂ ਜੀ ਦੀ ਹੀ ਹੈ। ਇਸ ਲਈ ਖ਼ਾਲਸੇ ਨੇ ਫ਼ਤਹਿ ਮਿਲਣ ਉਪ੍ਰੰਤ ਹੰਕਾਰ ਨਹੀਂ ਕਰਨਾ ਅਤੇ ਗੁਰਸਿੱਖ ਨੇ ਗੁਰਸਿੱਖ ਦੇ ਮਿਲਾਪ ਸਮੇਂ ਫ਼ਤਹਿ ਦੀ ਸਾਂਝ ਕਰਨੀ ਹੈ ਅਤੇ ਸਤਿਕਾਰ ਨਾਲ ਬੁਲਾਉਣਾ ਹੈ :-

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

* ਸਿੱਖੀ ਦੇ ਸਿਧਾਂਤ ਕਿਹੜੇ ਹਨ?


ਕਿਰਤ ਕਰਨੀ, ਨਾਮ ਜੱਪਣਾ, ਵੰਡ ਕੇ ਛਕਣਾ ਅਤੇ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ।


* ਸਿੱਖ ਦਾ ਨਿੱਤਨੇਮ ਕਿਹੜਾ ਹੈ?

ਸਿੱਖ ਦਾ ਨਿੱਤਨੇਮ ਸੱਤ ਬਾਣੀਆਂ ਦਾ ਹੈ। ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ( ਜਪੁ ਜੀ ਸਾਹਿਬ, ਜਾਪੁ ਸਾਹਿਬ , ੧੦ ਸਵਸੇ “ਸ੍ਰਾਵਗ ਸੁਧ ਸਮੂਹ ਸਿਧਾਨ ਕੇ”, ਚੌਪਈ ਸਾਹਿਬ “ਹਮਰੀ ਕਰੋ ਹਾਥ ਦੈ ਰੱਛਾ" ਅਨੰਦ ਸਾਹਿਬ ਸੰਪੂਰਨ ) ਇਕਾਗਰ ਚਿੱਤ ਹੋ ਕੇ ਪੜ੍ਹਨਾ।

ਸ਼ਾਮ ਦੇ ਸਮੇਂ “ਸੋ ਦਰੁ ਰਹਿਰਾਸਿ ਸਾਹਿਬ ਦਾ ਪਾਠ ਕਰਨਾ ਅਤੇ ਅਰਾਮ ਕਰਨ ਸਮੇਂ “ਸੋਹਿਲਾ ਸਾਹਿਬ ਦਾ ਪਾਠ ਪੜ੍ਹ ਕੇ ਵਾਹਿਗੁਰੂ, ਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਦਿਆਂ ਸਿੱਖ ਨੂੰ ਬਿਸਰਾਮ ਕਰਨ ਦਾ ਹੁਕਮ ਹੈ।


69 views0 comments