ਸਿੱਖਾਂ ਦੇ ਪੰਜ ਤਖ਼ਤ ਕਿਹੜੇ ਹਨ?


ਉਸ ਅਸਥਾਨ ਨੂੰ ਤਖ਼ਤ ਕਿਹਾ ਜਾਂਦਾ ਹੈ, ਜਿਸ ਅਸਥਾਨ ਤੋਂ ਪਰਜਾ ਦੇ ਨਾਮ, ਤੇ ਰਾਜੇ-ਮਹਾਰਾਜੇ ਹੁਕਮ ਜਾਰੀ ਕਰਦੇ ਸਨ ਜਾਂ ਆਦੇਸ਼ ਦਿੰਦੇ ਸਨ। ਸਤਿਗੁਰੂ ਜੀ ਕੁੱਲ ਕਾਇਨਾਤ ਦੇ ਰਾਜਿਆਂ ਦੇ ਵੀ ਮਹਾਰਾਜੇ ਹਨ। ਗੁਰੂ ਸਾਹਿਬ ਜੀ ਨੇ ਸਿੱਖ ਧਰਮ ਦੇ ਪੰਜ ਤਖ਼ਤਾਂ ਦੀ ਸਥਾਪਨਾ ਕੀਤੀ। ਇਹਨਾਂ ਤਖ਼ਤਾਂ ਤੋਂ ਸਤਿਗੁਰੂ ਜੀ ਖ਼ਾਲਸਾ ਪੰਥ ਨੂੰ ਸਮੇਂ-ਸਮੇਂ ਹੁਕਮਨਾਮੇ ਤੇ ਆਦੇਸ਼ ਜਾਰੀ ਕਰਦੇ ਰਹੇ ਅਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਅਤੇ ਕੌਮੀ ਪੱਧਰ ਤੇ ਅਗਵਾਈ ਕਰਦੇ ਰਹੇ।ਅੱਜ ਵੀ ਇਹ ਪ੍ਰੰਪਰਾ ਉਸੇ ਤਰ੍ਹਾਂ ਜਾਰੀ ਹੈ। ਤਖ਼ਤਾਂ ‘ਚੋ ਤਿੰਨ ਤਖ਼ਤ ਸਾਹਿਬ, ਪੰਜਾਬ ਵਿੱਚ ਸਥਾਪਿਤ ਹਨ ਅਤੇ ਦੋ ਤਖ਼ਤ ਸਾਹਿਬ, ਪੰਜਾਬ ਤੋਂ ਬਾਹਰ ਸਥਾਪਿਤ ਹਨ।


ਸਿੱਖਾਂ ਦੇ ਪੰਜ ਤਖ਼ਤ ਕਿਹੜੇ ਹਨ ?

ਸਿੱਖਾਂ ਦੇ ਪੰਜ ਤਖ਼ਤ ਇਹ ਹਨ :-

  1. ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ( ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ )

  2. ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ( ਪਟਨਾ ਸਾਹਿਬ, ਬਿਹਾਰ )

  3. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ( ਸ੍ਰੀ ਅਨੰਦਪੁਰ ਸਾਹਿਬ, ਪੰਜਾਬ )

  4. ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ( ਸਾਬੋ ਕੀ ਤਲਵੰਡੀ, ਪੰਜਾਬ )

  5. ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ( ਨਾਂਦੇੜ, ਮਹਾਂਰਾਸ਼ਟਰ )


1) ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ :-

ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਪੁਰਾਤਨ ਤਖ਼ਤ ਸਾਹਿਬ ਹੈ ਅਤੇ ਅੰਮ੍ਰਿਤਸਰ ਸਾਹਿਬ ਸਥਿਤ ਹੈ। ਇਹ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ( Golden Temple ) ਦੇ ਕੰਪਲੈਕਸ ਵਿੱਚ ਸਥਿਤ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵਉੱਚ ਧਾਰਮਿਕ ਸਥਾਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੁਆਰਾ ਕੀਤੀ ਗਈ ਸੀ ਅਤੇ ਅਕਾਲ ਤਖ਼ਤ ਨਾਂ ਦਿੱਤਾ ( ਅਕਾਲ ਤਖ਼ਤ ਦਾ ਭਾਵ - ਰੱਬ ਦਾ ਤਖ਼ਤ ) । ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ( Golden Temple ) ਦੀ ਡਿਊਢੀ ਦੇ ਸਾਮਣੇ ਸਥਾਪਿਤ ਕੀਤਾ ਗਿਆ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦਾ ਆਪਣੇ ਹੱਥੀ ਨੀਂਹ ਰੱਖੀ ਅਤੇ ਭਾਈ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਸੀ। ਗੁਰੂ ਜੀ ਇੱਥੇ ਆਪਣਾ ਦਰਬਾਰ ਲਗਾਉਂਦੇ ਸਨ।ਇਸ ਪਵਿੱਤਰ ਅਸਥਾਨ ਤੋਂ ਗੁਰਸਿੱਖਾਂ ਨੂੰ ਸ਼ਸਤਰ ਬੱਧ ਹੋਣ, ਗੁਰੂ ਦਰਬਾਰ ਵਿੱਚ ਵਧੀਆ ਸ਼ਸਤਰ ਭੇਂਟ ਕਰਨ ਦਾ ਪਹਿਲਾ ਹੁਕਮਨਾਮਾ ਜਾਰੀ ਹੋਇਆ। ਸ੍ਰੀ ਅਕਾਲ ਤਖ਼ਤ ਤੇ ਸਭ ਤੋਂ ਪਹਿਲਾ ਢਾਢੀ ਵਾਰਾਂ ਗਾਉਣ ਦੀ ਸ਼ੁਰੂਆਤ ਹੋਈ ਸੀ, ਜੋ ਅਜੇ ਵੀ ਪ੍ਰਚੱਲਿਤ ਹੈ।


2) ਤਖ਼ਤ ਸ੍ਰੀ ਹਰਿਮੰਦਰ ਸਾਹਿਬ ( ਪਟਨਾ ਸਾਹਿਬ ):-

ਤਖ਼ਤ ਸ੍ਰੀ ਦਰਬਾਰ ਸਾਹਿਬ, ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਸਭ ਤਖ਼ਤਾਂ ਦਾ ਸਿੱਖੀ ਨੂੰ ਇੱਕ ਮੁਠ ਰੱਖਣ ਲਈ ਇਤਿਹਾਸ ‘ਚ ਆਪੋ ਆਪਣਾ ਯੋਗਦਾਨ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਬਿਹਾਰ ਵਿੱਚ ਸਥਿਤ ਹੈ। ਇਸ ਪਵਿੱਤਰ ਧਰਤੀ ਨੂੰ ਪਹਿਲੇ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ-ਛੋਹ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਸ ਅਸਥਾਨ ਤੇ ਹੋਇਆ ਸੀ। ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਦੀ ਸੇਵਾ ਪਹਿਲਾ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਜੋ ਭੂਚਾਲ ਨਾਲ ਤਬਾਹ ਹੋਣ ਕਰਕੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਰਤਮਾਨ ਇਮਾਰਤ ਦੀ ਸੇਵਾ ਕਰਵਾਈ। ਗੁਰਦੁਆਰਾ ਗੋਬਿੰਦ ਬਾਗ, ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ, ਖੂਹ ਮਾਤਾ ਗੁਜਰੀ ਜੀ, ਗੁਰਦੁਆਰਾ ਗਊ ਘਾਟ, ਗੁਰਦੁਆਰਾ ਹਾਂਡੀ ਸਾਹਿਬ ਆਦਿ ਇਤਿਹਾਸਕ ਸਥਾਨ ਹਨ। ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਇਥੋਂ ਚੱਲ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ‘ਤੇ ਪਹੁੰਚੇ।


3) ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ( ਅਨੰਦਪੁਰ ਸਾਹਿਬ ) :-

ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਖਾਲਸੇ ਦੀ ਜਨਮਭੂਮੀ ਹੈ ਅਤੇ ਮੁੱਖ ਰੂਪਨਗਰ-ਨੰਗਲ ਸੜਕ ਤੇ ਸਥਿਤ ਹੈ, ਜੋ ਕਿ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਆਉਂਦਾ ਹੈ। ਪੰਜਾ ਤਖ਼ਤਾਂ ਵਿੱਚੋਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦਾ ਤੀਸਰਾ ਸਥਾਨ ਹੈ। ਇਸ ਸਹਿਰ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜ਼ਾ ਦਿੱਤਾ, ਬਾਅਦ ਵਿੱਚ ਇਹ ਅਸਥਾਨ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸੰਨ 1699 ਈ. ਦੀ ਵੈਸਾਖੀ ਵਾਲੇ ਦਿਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਖਾਲਸੇ ਦੀ ਸਾਜਨਾ ਕੀਤੀ। ਇੱਥੇ ਹਾਲ ਦੇ ਮੱਧ ਵਿੱਚ ਇਕ ਕਮਰਾ ਹੈ, ਜਿਥੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਤੇ ਗਏ ਸ਼ਸਤਰ ਰੱਖੇ ਗਏ ਹਨ।


4) ਤਖ਼ਤ ਸ੍ਰੀ ਦਮਦਮਾ ਸਾਹਿਬ ( ਸਾਬੋ ਕੀ ਤਲਵੰਡੀ, ਪੰਜਾਬ ) :-

ਪ੍ਰਸਿੱਧ ਇਤਿਹਾਸਕ ਨਗਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਤਕਰੀਬਨ 30 ਕਿੱਲੋਮੀਟਰ ਦੂਰ ਦੱਖਣ ਵੱਲ ਸਥਿਤ ਹੈ। ਇਸ ਸਥਾਨ ਨੂੰ ਸਿੱਖ ਪੰਥ ਵਿੱਚ “ਗੁਰੂ ਕੀ ਕਾਸ਼ੀ” ਵਜੋਂ ਗੌਰਵ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਇੱਥੇ ਕਰੀਬ ਸਾਢੇ ਨੌਂ ਮਹੀਨੇ ਨਿਵਾਸ ਕੀਤਾ। ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਵੀ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਬੀੜ ਲਿਖਵਾ ਕੇ ਸੰਪੂਰਨ ਕਰਵਾਈ। ਬੀੜ ਸੰਪੂਰਨ ਹੋਣ ਉਪਰੰਤ ਬਟੀ ਸਿਆਹੀ ਅਤੇ ਕਲਮਾਂ ਨੇੜੇ ਹੀ ਇੱਕ ਕੱਚੀ ਛੱਪੜੀ ਵਿੱਚ ਪਾਉਂਦਿਆਂ ਇਸ ਅਸਥਾਨ ਨੂੰ ਵਿਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਕੱਚੀ ਛੱਪੜੀ ਵਾਲਾ ਅਸਥਾਨ ਹੁਣ ਲਿਖਣਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਪ੍ਰੰਪਰਾ ਅਨੁਸਾਰ ਅੱਜ ਵੀ ਇੱਥੇ ਸੰਗਤਾਂ ਗੁਰਮੁਖੀ ਦੇ ਪੈਂਤੀ ਅੱਖਰ ਲਿਖ ਕੇ ਵਿਦਿਆ ਪ੍ਰਾਪਤੀ ਲਈ ਅਰਦਾਸ ਕਰਦੀਆਂ ਹਨ।


5) ਤਖ਼ਤ ਸ੍ਰੀ ਹਜ਼ੂਰ ਸਾਹਿਬ ( ਨਾਂਦੇੜ, ਮਹਾਂਰਾਸ਼ਟਰ ) :-

ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸ਼ਹਿਰ ਵਿੱਚ ਗੋਦਾਵਾਰੀ ਨਦੀ ਦੇ ਕੰਢੇ ਉੱਤੇ ਸਥਿਤ ਹੈ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿੱਚ ਸੁਭਾਇਮਾਨ ਹੈ। ਜਿੱਥੇ “ਸੂਰਜ ਕਿਰਣਿ ਮਿਲੇ - ਜਲ ਕਾ ਜਲੁ ਹੂਆ ਰਾਮ” ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਗਤ ਜੋਤਿ ਸਾਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜ਼ਮਾਨ ਕਰ ‘ਸ਼ਬਦ- ਗੁਰੂ‘ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ। ਗੁਰੂ ਜੀ ਨੇ ਵੈਰਾਗੀ ਮਾਧੋ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਜਬਰ / ਜ਼ੁਲਮ ਦੇ ਖਾਤਮੇ ਤੇ ਜ਼ੁਲਮਾਂ ਨੂੰ ਸੋਧਣ ਲਈ ਇੱਥੋਂ ਹੀ ਪੰਜਾਬ ਨੂੰ ਤੋਰਿਆ ਸੀ।

133 views0 comments