ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਸੰਪਾਦਨਾ

Updated: Jan 4


ਲੇਖਕ : ਗਿ. ਸਵਰਨ ਸਿੰਘ ਢੰਗਰਾਲੀ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਆਪਣੇ ਆਪ ਵਿੱਚ ਲਾ-ਮਿਸਾਲ ਹੈ। ਰਿਗਵੇਦ ਨਾਲੋਂ ਲੱਗਭਗ ਤਿੰਨ ਗੁਣਾਂ ਵੱਡੇ ਗ੍ਰੰਥ ਨੂੰ ਐਨੀ ਕਮਾਲ ਸੰਪਾਦਨਾ ਤਰਤੀਬ ਦੇਣੀ ਗੁਰੂ ਅਰਜਨ ਦੇਵ ਜੀ ਦਾ ਹੀ ਚਮਤਕਾਰ ਸੀ। ਮੱਧਕਾਲੀਨ ਭਾਰਤੀ ਗ੍ਰੰਥਾਂ ਦੀ ਲਿਖਣ ਤਰਕੀਬ ਵਿਧੀ ਵਿੱਚ ਉਪਕ੍ਰਮ ਉਪਸੰਹਾਰ ਨਾਮੀ ਨਿਯਮ ਹੁੰਦਾ ਸੀ। ਇਸ ਨਿਯਮ ਅਧੀਨ ਗ੍ਰੰਥ ਦੀ ਭੂਮਿਕਾ (ਮੁਢਲੇ ਹਿੱਸੇ) ਅਤੇ ਅੰਤਮ ਹਿੱਸੇ ਵਿੱਚ ਸਿਧਾਂਤ ਦੀ ਇਕਸੁਰਤਾ ਰੱਖੀ ਜਾਂਦੀ ਸੀ। ਭਾਈ ਕਾਨ੍ਹ ਸਿੰਘ ਨਾਭਾ ’ਮਹਾਨ ਕੋਸ਼’ ਵਿੱਚ ਲਿਖਦੇ ਹਨ। ਜਿੱਥੇ ਉਪਕ੍ਰਮ ਉਪਸੰਹਾਰ ਦੋਨੋਂ ਸਬਦ ਇੱਕਠੇ ਆਉਣ ਤਾਂ ਇਨ੍ਹਾਂ ਦਾ ਅਰਥ ਕਿਸੇ ਗ੍ਰੰਥ ਦੀ ਭੂਮਿਕਾ ਅਤੇ ਅੰਤਮ ਹਿੱਸੇ ਦੀ ਸਿਧਾਂਤਕ ਏਕਤਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਸੰਪਾਦਿਤ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸੰਪਾਦਕੀ ਨਿਯਮ ਸਪਸ਼ਟ ਝਲਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਸ ਪੱਖੋਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ :-


1. ਨਿਤਨੇਮ ਦੀ ਬਾਣੀ ( ਭੂਮਿਕਾ / ਮੁਢਲਾ ਹਿੱਸਾ ) = 01 ਤੋਂ 13 ਅੰਗ ਤੱਕ

2. ਰਾਗੁਬਧ ਬਾਣੀ ( ਮੱਧ ਭਾਗ ) = 14 ਤੋਂ 1352 ਅੰਗ ਤੱਕ

3. ਰਾਗੁ ਮੁਕਤ ਬਾਣੀ ( ਅੰਤਮ ਹਿੱਸਾ ) =1353 ਤੋਂ 1430 ਅੰਗ ਤੱਕ


  1. ਨਿਤਨੇਮ ਦੀ ਬਾਣੀ ( ਭੂਮਿਕਾ / ਮੁਢਲਾ ਹਿੱਸਾ )

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1 ਤੋਂ 13 ਅੰਗ ਤੱਕ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸਿੱਖਾਂ ਦੀ ਨਿਤਨੇਮ ਦੀ ਬਾਣੀ ਰਹੀ ਹੈ ਅਤੇ ਹੁਣ ਵੀ ਹੈ। ਇਸ ਤੋਂ ਇਲਾਵਾ ਆਸਾ ਦੀ ਵਾਰ ਦਾ ਕੀਰਤਨ ਵੀ ਗੁਰੂਦੁਆਰਾ ਸਾਹਿਬ ਦੇ ਨਿਤਨੇਮ ਦਾ ਹਿੱਸਾ ਸੀ ਅਤੇ ਹੈ। ਇਸ ਹਿੱਸੇ ਵਿੱਚ ਪਹਿਲਾਂ ਜਪੁ ਜੀ ਸਾਹਿਬ ਦੀ ਬਾਣੀ ਹੈ। ਜਿਸ ਨੂੰ ਸਵੇਰ ਵੇਲੇ ਪੜ੍ਹਨ ਦੀ ਮਰਯਾਦਾ ਹੈ। ਅਗਲੀ ਬਾਣੀ “ਸੋਦਰੁ” ਹੈ। ਜਿਸ ਵਿੱਚ 9 ਸ਼ਬਦ ਹਨ। ਇਹ ਸ਼ਾਮ ਦੀ ਬਾਣੀ ਰਹਿਰਾਸ ਸਾਹਿਬ ਦਾ ਹਿੱਸਾ ਹਨ। ਇਸ ਤੋਂ ਅੱਗੇ “ਸੋਹਿਲਾ” ਜੀ ਦੀ ਬਾਣੀ ਦੇ 5 ਸਬਦ ਹਨ। ਇਸ ਬਾਣੀ ਨੂੰ ਸੌਣ ਸਮੇਂ ਪੜ੍ਹਨ ਦਾ ਨਿਯਮ ਹੈ। ਇਸ ਨੂੰ ਕੀਰਤਨ ਸੋਹਿਲਾ ਵੀ ਕਹਿੰਦੇ ਹਨ।


2. ਰਾਗੁਬਧ ਬਾਣੀ ( ਮੱਧ ਭਾਗ )

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14 ਤੋਂ 1352 ਅੰਗ ਤੱਕ ਦੀ ਬਾਣੀ ਸਿੱਖ ਸਿਧਾਂਤ ਦੀ ਖੁੱਲੀ ਵਿਆਖਿਆ ਹੈ। ਸਤਿਗੁਰਾਂ ਨੇ ਕੁਝ ਬਾਣੀ ਨੂੰ ਛੱਡ ਕੇ ਸਮੁੱਚੀ ਬਾਣੀ ਦੀ ਤਰਤੀਬ ਰਾਗਾਂ ਅਨੁਸਾਰ ਰੱਖੀ ਹੈ। ਇਸ ਪੱਖੋਂ ਇਹ ਲਾ - ਮਿਸਾਲ ਗ੍ਰੰਥ ਹੈ। ਗੁਰੂ ਜੀ ਨੇ ਵਿਅਕਤੀ ਵਿਸ਼ੇਸ਼ ਜਾਂ ਵਿਸ਼ੇ ਅਨੁਸਾਰ ਤਰਤੀਬ ਦੇਣ ਨੂੰ ਪਹਿਲ ਨਹੀਂ ਦਿੱਤੀ ਹੈ। ਜਦੋਂ ਕਿ ਉਸ ਸਮੇਂ ਅਜਿਹੀਆਂ ਤਰਤੀਬਾਂ ਆਮ ਪ੍ਰਚੱਲਤ ਸਨ। ਆਮ ਲੋਕ ਸੰਗੀਤ, ਤਾਲ ਅਤੇ ਲੈਅ ਵੱਲ ਖਿੱਚ ਰੱਖਦੇ ਹਨ। ਗੁਰੂ ਜੀ ਨੇ ਅਧਿਆਤਮਿਕਵਾਦ ਦੇ ਗਹਿਰ ਗੰਭੀਰ ਵਿਸ਼ੇ ਨੂੰ ਲੋਕਾਂ ਦੀ ਰੁੱਚੀ ਦੇ ਸਾਧਨ ਰਾਗ ਤਾਲ ਵਿੱਚ ਸਮਝਾਉਣ ਨੂੰ ਪਹਿਲ ਦਿੱਤੀ ਜਾਪਦੀ ਹੈ। ਜਿਹੜੇ ਰਾਗੁ ਦੀ ਬਾਣੀ ਸ਼ੁਰੂ ਹੁੰਦੀ ਹੈ। ਉਸ ਰਾਗੁ ਵਿੱਚ ਜਿਸ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ। ਉਹ ਕ੍ਰਮਵਾਰ ਦਰਜ ਹੈ। ਫਿਰ ਜਿਸ ਭਗਤ ਨੇ ਉਸ ਰਾਗੁ ਵਿੱਚ ਬਾਣੀ ਉਚਾਰਨ ਕੀਤੀ ਹੈ। ਉਹ ਕ੍ਰਮਵਾਰ ਦਰਜ ਹੈ। ਕੁਲ 31 ਰਾਗਾਂ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਜੈਜਾਵੰਤੀ ਰਾਗੁ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਹੀ ਬਾਣੀ ਹੈ। ਭਗਤਾਂ ਦੀ ਬਾਣੀ ਕੇਵਲ 22 ਰਾਗਾਂ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਗਾਂ ਅਤੇ ਕ੍ਰਮ ਤਰਤੀਬ ਰਾਗੁ ਸਿਰਲੇਖ ਹੇਠ ਦਿੱਤੀ ਗਈ ਹੈ। ਹਰ ਰਾਗੁ ਵਿੱਚ ਪਹਿਲਾਂ ਸਬਦ ਆਉਂਦੇ ਹਨ। ਹਰ ਰਾਗੁ ਵਿੱਚ ਪਹਿਲਾਂ ਸਬਦ ਆਉਂਦੇ ਹਨ। ਫਿਰ ਅਸਟਪਦੀਆਂ, ਛੰਤ, ਵਾਰਾਂ ਅਤੇ ਭਗਤਾਂ ਦੀ ਬਾਣੀ ਆਉਂਦੀ ਹੈ। ਅੱਗੇ ਇਨ੍ਹਾਂ ਵਿੱਚ ਗੁਰੂ ਕ੍ਰਮ ਅਨੁਸਾਰ ਬਾਣੀ ਹੈ। ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਅਤੇ ਨੌਵੇਂ ਗੁਰਾਂ ਦੀ ਬਾਣੀ ਹੈ। ਜਦੋਂ ਸਾਰੇ ਗੁਰੂ ਸਾਹਿਬਾਨਾਂ ਦੇ ਸਬਦ ਮੁੱਕ ਜਾਂਦੇ ਹਨ। ਫਿਰ ਅਸਟਪਦੀਆਂ ਸ਼ੁਰੂ ਹੁੰਦੀਆਂ ਹਨ। ਇਵੇਂ ਹੀ ਛੰਤ ਅਤੇ ਵਾਰਾਂ ਵਿੱਚ ਬਾਣੀ ਤਰਤੀਬ ਹੈ। ਰਾਗ ਅਧਾਰਤ ਬਾਣੀ ਵਿੱਚ ਪਹਿਲਾਂ ਰਾਗੁ ਦਾ ਨਾਂ ਹੈ ਫਿਰ ਮਹਲਾ ਫਿਰ ਅੰਕ ਹੈ। ਜਿਵੇਂ ਕਿ :

ਧਨਾਸਰੀ ਮਹਲਾ ੧॥
ਪ੍ਰਭਾਤੀ ਮਹਲਾ ੩॥
ਭੈਰਉ ਮਹਲਾ ੪॥
ਪ੍ਰਭਾਤੀ ਮਹਲਾ ੫॥
ਬਸੰਤੁ ਮਹਲਾ ੯॥

੩. ਰਾਗੁ ਮੁਕਤ ਬਾਣੀ ( ਅੰਤਮ ਹਿੱਸਾ )

ਰਾਗੁ ਮੁਕਤ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1353 ਤੋਂ 1430 ਅੰਗ ਤੱਕ ਦਰਜ ਹੈ। ਰਾਗ ਰਹਿਤ ਬਾਣੀ ਵਿੱਚ ਪਹਿਲਾਂ ਬਾਣੀ ਦਾ ਨਾਂ ਹੈ ਫਿਰ ਮਹਲਾ ਫਿਰ ਅੰਕ ਹੈ। ਇਨ੍ਹਾਂ ਬਾਣੀਆਂ ਦੇ ਨਾਂ ਅਤੇ ਤਰਤੀਬ ਹੇਠ ਅਨੁਸਾਰ ਹੈ।

ਨਿਤਨੇਮ ਦੀ ਬਾਣੀ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੂਮਿਕਾ / ਮੁੱਢਲੇ ਹਿੱਸੇ ਵਿੱਚ ਸਿੱਖ ਧਰਮ ਦਾ ਸਿਧਾਂਤਕ ਨਿਚੋੜ ਹੈ। ਰਾਗੁ ਮੁਕਤ ਬਾਣੀ ਭਾਵ ਅੰਤਮ ਹਿੱਸਾ ਜਿੱਥੇ ਭੂਮਿਕਾ ਦੀ ਵਿਆਖਿਆ ਕਰਦਾ ਹੈ। ਉੱਥੇ ਉਸ ਨਾਲ ਸਿਧਾਂਤਕ ਇਕਸੁਰਤਾ ਵੀ ਰੱਖਦਾ ਹੈ। ਰਾਗੁਬੱਧ ਬਾਣੀ ( ਮੱਧ ਭਾਗ ) ਇਨ੍ਹਾਂ ਸਿੱਖ ਸਿਧਾਂਤਾਂ ਦੀ ਖੁੱਲੀ ਵਿਆਖਿਆ ਹੈ। ਡਾ.ਧਰਮ ਸਿੰਘ ਲਿਖਦੇ ਹਨ ਕਿ ਉਪਕ੍ਰਮ ਉਪਸੰਹਾਰ ਨਾਮੀ ਨਿਯਮ ਦਾ ਇਕ ਉਪਨਿਯਮ ਇਹ ਵੀ ਹੈ ਕਿ ਗ੍ਰੰਥ ਜਿਸ ਅੱਖਰ ਨਾਲ ਅਰੰਭ ਹੁੰਦਾ ਹੈ। ਉਸ ਅੱਖਰ ਨਾਲ ਹੀ ਸਮਾਪਤ ਹੁੰਦਾ ਹੈ। ਇਸ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤਮ ‘ਸਤਿ ਨਾਮੁ’ ਸਬਦ ਭਾਵ “ਸ” ਅੱਖਰ ਨਾਲ ਹੁੰਦਾ ਹੈ। ਸਮਾਪਤੀ ਦੀ ਤੁਕ ਹੇਠਲੀ ਹੈ।

ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ॥

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਅੰਤਮ ਤੁਕ ਦਾ ਅੰਤਮ ਸਬਦ “ਬੀਸ” ਅਤੇ ਅੰਤਮ ਅੱਖਰ ‘ਸ’ ਹੈ। ਇਸ ਤੋਂ ਇਲਾਵਾ ਸੰਤ ਹਰੀ ਸਿੰਘ ਰੰਧਾਵੇ ਵਾਲੇ ਲਿਖਦੇ ਹਨ। ਕਿ ਅਰੰਭਕ ਬਾਣੀ ਜਪੁ ਜੀ ਸਾਹਿਬ ਦੇ ਮੁੱਢ ਕੋਈ ਮਹਲਾ ਨਹੀਂ ਲਿਖਿਆ ਹੈ। ਉਹ ਮੰਗਲ ਰੂਪ ਬਾਣੀ ਹੈ। ਜਪੁ ਜੀ ਸਾਹਿਬ ਵਾਂਗ ਰਾਗਮਾਲਾ ਉੱਤੇ ਵੀ ਮਹਲਾ ਨਹੀਂ ਲਿਖਿਆ ਗਿਆ ਹੈ ਅਤੇ ਰਾਗਮਾਲਾ ਸਿਧਾਂਤਕ ਪੱਖੋਂ ਮੰਗਲ ਰੂਪ ਬਾਣੀ ਹੈ। ( ਗੁਰਬਾਣੀ ਅਰਥ ਭੰਡਾਰ - ਪੋਥੀ ਬਾਰਵ੍ਹੀਂ )

ਸੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਅਤੇ ਅੰਤ, ਇੱਕੋ ਅੱਖਰ “ਸੱਸਾ” ਹੈ। ਇਸੇ ਤਰ੍ਹਾਂ ਅਰੰਭਕ ਬਾਣੀ ਅਤੇ ਅੰਤਲੀ ਬਾਣੀ ਦੀ ਸੰਪਾਦਕੀ ਬਣਤਰ ਅਤੇ ਸਿਧਾਂਤ ਵਿੱਚ ਇਕਸੁਰਤਾ ਹੈ। ਸੋ ਸਪਸ਼ਟ ਹੁੰਦਾ ਕਿ ਗੁਰੂ ਅਰਜਨ ਦੇਵ ਜੀ ਸੰਪਾਦਕੀ ਨਿਯਮਾਂ ਦਾ ਬੜੀ ਗਹਿਰਾਈ ਤੱਕ ਗਿਆਨ ਰੱਖਦੇ ਸਨ। ਉਪਕ੍ਰਮ ਉਪਸੰਹਾਰ ਨਾਮੀ ਸੰਪਾਦਕੀ ਨਿਯਮ ਦੀ ਵਰਤੋਂ ਸਪਸ਼ਟ ਦਿੱਖਦੀ ਹੈ। ਸੰਪਾਦਨਾਂ ਕਰਦੇ ਸਮੇਂ ਢੁੱਕਵੇਂ ਗੁਰਬਾਣੀ ਸਿਰਲੇਖ, ਜਿਵੇਂ ਓਅੰਕਾਰ, ਬਾਰਹ ਮਾਹਾ, ਥਿਤੀ, ਪਹਿਰੇ, ਸੁਖਮਨੀ, ਪਟੀ ਆਦਿ ਨੂੰ ਉਘਾੜਿਆ ਗਿਆ ਹੈ। ਢੁੱਕਵੀਂ ਬਣਤਰ ਦਿੱਤੀ ਗਈ ਹੈ। ਜੇ ਕਿਧਰੇ ਭਗਤਾਂ ਦੇ ਕਿਸੇ ਸਬਦ ਜਾਂ ਸਲੋਕ ਦੀ ਵਿਆਖਿਆ ਦੀ ਜਰੂਰਤ ਸੀ। ਤਾਂ ਸਤਿਗੁਰਾਂ ਨੇ ਆਪਣੇ ਵੱਲੋਂ ਮਹਲਾ ੧, ਮਹਲਾ ੩ ‘ਤੇ ਮਹਲਾ ੫ ਸਿਰਲੇਖ ਅਧੀਨ ਬਾਣੀ ਉਚਾਰਨ ਕੀਤੀ ਹੈ। ਕਿਸੇ ਭਗਤ ਦੀ ਬਾਣੀ ਦੇ ਮੂਲ ਪਾਠ ਵਿੱਚ ਕੋਈ ਬਦਲੀ ਨਹੀਂ ਕੀਤੀ ਹੈ। ਪੰਜਵੇਂ ਸਤਿਗੁਰਾਂ ਨੇ ਉਨ੍ਹਾਂ ਸਬਦ - ਸਲੋਕਾਂ ਨੂੰ ਭਗਤਾਂ ਦੀ ਬਾਣੀ ਵਿੱਚ ਸੰਪਾਦਿਤ ਕਰਵਾ ਕੇ ਲਿਖਵਾ ਦਿੱਤਾ ਹੈ। ਉਨ੍ਹਾਂ ਦੀ ਗਿਣਤੀ ਵੀ ਭਗਤਾਂ ਦੇ ਸਲੋਕਾਂ ਦੀ ਲਗਾਤਾਰਤਾ ਵਿੱਚ ਜੋੜ ਕੇ ਲਿਖੀ ਹੈ। ਭਗਤ ਕਬੀਰ ਜੀ ਦੇ ਇਕ ਸਬਦ ਵਿੱਚ ਦੋ ਪੰਗਤੀਆਂ ਪੰਜਵੇਂ ਸਤਿਗੁਰਾਂ ਨੇ ਲਿਖ ਕੇ ਸ਼ਾਮਲ ਕੀਤੀਆਂ ਹਨ। ਤਾਂ ਸਤਿਗੁਰਾਂ ਨੇ ਉਸ ਸਬਦ ਉੱਤੇ ਲਿਖ ਦਿੱਤਾ ਹੈ ਕਿ ਨਾਲਿ ਰਲਾਇ ਮਹਲਾ ੫ ਭਾਵ ਇਸ ਵਿੱਚ ਪੰਜਵੇਂ ਗੁਰੂ ਜੀ ਦੀ ਬਾਣੀ ਵੀ ਰਲਾਈ ਗਈ ਹੈ। ਪਰ ਭਗਤ ਜੀ ਬਾਣੀ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਗਈ ਹੈ। ਇਹ ਗੁਰੂ ਅਰਜਨ ਦੇਵ ਜੀ ਦੀ ਅਦਭੁਤ ਸੰਪਾਦਕੀ ਕਲਾ ਅਤੇ ਇਮਾਨਦਾਰ ਸੰਪਾਦਕ ਹੋਣ ਦੀ ਅਨੋਖੀ ਮਿਸਾਲ ਹੈ।

ਜੇ ਗੁਰਬਾਣੀ ਵਿੱਚ ਸ਼ਬਦਾਂ ਦੇ ਪਿੱਛੇ ਲਿਖੇ ਅੰਕਾਂ ਨੂੰ ਸਮਝੀਏ ਤਾਂ ਅਸਚਰਜ ਜਾਣਕਾਰੀ ਮਿਲਦੀ ਹੈ। ਜਿਵੇਂ ਸੁਖਮਨੀ ਬਾਣੀ ਅਸਟਪਦੀਆਂ ਵਿੱਚ ਰਚੀ ਹੈ। ਉਸ ਦੇ ਅੰਤ ਅੰਕ ਲਿਖੇ ਹਨ।

ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥

ਭਾਵ ੮ ਪਦਾਂ ਵਾਲਾ ਸਬਦ ਪੂਰਾ ਹੋਇਆ ਅਤੇ ਕੁਲ ਅਸਟਪਦੀਆਂ ੨੪ ਹੋ ਗਈਆਂ ਹਨ। ਕਈ ਥਾਂਵਾਂ ਉੱਤੇ ਅਜਿਹੀ ਜਾਣਕਾਰੀ ਸ਼ਬਦਾਂ ਵਿੱਚ ਵੀ ਲਿਖੀ ਹੈ। ਜੁਮਲਾ (ਜੋੜ) ਸਬਦ ਲਿਖ ਕੇ ਵੀ ਸੰਪਾਦਕੀ ਸੂਚਨਾ ਦਿੱਤੀ ਗਈ ਹੈ ਕਿ ਇੱਥੇ ਸ਼ਬਦਾਂ ਦਾ ਜੋੜ ਕਰਕੇ ਅੰਕ ਲਿਖੇ ਗਏ ਹਨ। ਸਬਦ ਨੂੰ ਕਿਸ ਰਾਗੁ ਅਤੇ ਕਿਸ ਘਰ ਵਿੱਚ ਗਾਉਣ ਹੈ। ਉਸ ਦੀ ਜਾਣਕਾਰੀ ਸਿਰਲੇਖਾਂ ਵਿੱਚ ਦਿੱਤੀ ਹੋਈ ਹੈ। ਜੇ ਰਾਗੁ ਨਾਲ ਕਿਸੇ ਦੂਜੇ ਰਾਗੁ ਨੂੰ ਮਿਲਾਕੇ ਗਾਉਣਾਂ ਹੈ। ਕਿੰਨੇ ਸ਼ਬਦਾਂ ਵਿੱਚ ਮਿਸ਼ਰਤ ਰਾਗੁ ਰੱਖਣਾਂ ਹੈ। ਇਹ ਸਭ ਸੰਪਾਦਕੀ ਸੂਚਨਾ ਦੇ ਕੇ ਦੱਸਿਆ ਗਿਆ ਹੈ। ਜੇ ਕੋਈ ਬਾਣੀ ਕਿਸੇ ਵਿਸ਼ੇਸ਼ ਭਾਸ਼ਾ ਵਿੱਚ ਹੈ। ਉਸ ਦੀ ਜਾਣਕਾਰੀ ਵੀ ਦਿੱਤੀ ਗਈ। ਜਿਵੇਂ : ਸਲੋਕ ਡਖਣੇ, ਸਹਸਕ੍ਰਿਤੀ ਸਲੋਕ ਆਦਿ। ਗਉੜੀ ਬਾਵਨ ਅਖਰੀ ਮਹਲਾ ੫॥ ਨਾਮੀ ਬਾਣੀ ਦਾ ਪਹਿਲਾ ਅਤੇ ਆਖਰੀ ਸਲੋਕ ਇੱਕੋ ਹੈ। ਉੱਥੇ ਵੀ ਸੰਪਾਦਕੀ ਸੂਚਨਾ ਦੇ ਦਿੱਤੀ ਹੈ। ਏਹੁ ਸਲੋਕੁ ਆਦਿ ਅੰਤਿ ਪੜਣਾ॥ ਭਾਵ ਇਹ ਸਲੋਕ ਦੋਨੋਂ ਥਾਂਵਾਂ ਉੱਤੇ ਪੜਨਾ ਹੈ।

ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੀ ਸਮੁੱਚੀ ਸੰਪਾਦਨ ਕਲਾ ਅਦਭੁਤ, ਚਮਤਕਾਰੀ, ਅਨੋਖੀ ਅਤੇ ਅਚੰਭਤ ਹੈ।

51 views0 comments